ਨਵੀਂ ਦਿੱਲੀ, 13 ਜਨਵਰੀ
ਕਾਂਗਰਸ ਸ਼ਾਸਿਤ ਸੂਬੇ ਰਾਜਸਥਾਨ ’ਚ ਮਾਨਸਿਕ ਤੌਰ ’ਤੇ ਬਿਮਾਰ ਬੱਚੀ ਨਾਲ ਕਥਿਤ ਜਬਰ-ਜਨਾਹ ਦੇ ਮਾਮਲੇ ’ਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਘੇਰਦਿਆਂ ਭਾਜਪਾ ਨੇ ਅੱਜ ਕਿਹਾ ਕਿ ਇਸ ਘਟਨਾ ਨੇ ਵਿਰੋਧੀ ਧਿਰ ਦੇ ਪਾਖੰਡ ਦਾ ਪਰਦਾਫ਼ਾਸ਼ ਕਰ ਦਿੱਤਾ ਹੈ ਜੋ ਚੋਣਾਂ ਵਾਲੇ ਸੂਬੇ ਉੱਤਰ ਪ੍ਰਦੇਸ਼ ’ਚ ਮਹਿਲਾਵਾਂ ਨੂੰ ਤਾਕਤਵਰ ਬਣਾਉਣ ਦੀ ਗੱਲ ਕਰਦੀ ਹੈ। ਭਾਜਪਾ ਤਰਜਮਾਨ ਗੌਰਵ ਭਾਟੀਆ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਕਾਂਗਰਸ ਪ੍ਰਿਯੰਕਾ ਗਾਂਧੀ ਦਾ ਜਨਮ ਦਿਨ ਮਨਾਉਣ ’ਚ ਰੁੱਝੀ ਹੋਈ ਸੀ ਤਾਂ ਰਾਜਸਥਾਨ ’ਚ ਲੜਕੀਆਂ ਇਨਸਾਫ਼ ਲਈ ਮੰਗ ਕਰ ਰਹੀਆਂ ਹਨ। ਇਕ ਪਾਸੇ ਪ੍ਰਿਯੰਕਾ ਗਾਂਧੀ ਵਾਡਰਾ ਯੂਪੀ ’ਚ ‘ਲੜਕੀ ਹੂੰ, ਲੜ ਸਕਤੀ ਹੂੰ’ ਦਾ ਨਾਅਰਾ ਦਿੰਦੀ ਹੈ ਪਰ ਦੂਜੇ ਪਾਸੇ ਰਾਜਸਥਾਨ ’ਚ ਲੜਕੀਆਂ ‘ਲੜਕੀ ਹੂੰ, ਤੁਮ ਪਰ ਭੜਕੀ ਹੂੰ’ ਆਖਦਿਆਂ ਆਪਣਾ ਗੁੱਸਾ ਜ਼ਾਹਿਰ ਕਰ ਰਹੀਆਂ ਹਨ।’’ ਉਨ੍ਹਾਂ ਕਿਹਾ ਕਿ ਯੂਪੀ ’ਚ ਕਾਂਗਰਸ ਦਾ ਇਹ ਨਾਅਰਾ ਕਿਸੇ ਜੁਮਲੇ ਤੋਂ ਘੱਟ ਨਹੀਂ ਹੈ। ਜ਼ਿਕਰਯੋਗ ਹੈ ਕਿ 14 ਵਰ੍ਹਿਆਂ ਦੀ ਲੜਕੀ ਮੰਗਲਵਾਰ ਨੂੰ ਘਰ ਤੋਂ ਕਈ ਘੰਟਿਆਂ ਤੱਕ ਲਾਪਤਾ ਰਹੀ ਅਤੇ ਰਾਤ ਕਰੀਬ 9 ਵਜੇ ਉਹ ਖੂਨ ਨਾਲ ਲਥਪਥ ਮਿਲੀ ਸੀ। ਉਸ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੋਂ ਜੈਪੁਰ ਦੇ ਜੇ ਕੇ ਲੋਨ ਹਸਪਤਾਲ ’ਚ ਰੈਫ਼ਰ ਕਰ ਦਿੱਤਾ ਗਿਆ। ਹਸਪਤਾਲ ਦੇ ਸੁਪਰਡੈਂਟ ਅਰਵਿੰਦ ਸ਼ੁਕਲਾ ਨੇ ਕਿਹਾ ਕਿ ਜ਼ਖ਼ਮ ਡੂੰਘੇ ਹਨ ਅਤੇ ਕਰੀਬ ਢਾਈ ਘੰਟੇ ਤੱਕ ਅਪਰੇਸ਼ਨ ਚਲਿਆ। ਉਨ੍ਹਾਂ ਕਿਹਾ ਕਿ ਮੁੱਢਲੀ ਨਜ਼ਰ ’ਚ ਇਹ ਜਬਰ-ਜਨਾਹ ਦਾ ਕੇਸ ਜਾਪਦਾ ਹੈ ਪਰ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਪੁਖ਼ਤਾ ਕਿਹਾ ਜਾ ਸਕਦਾ ਹੈ। -ਪੀਟੀਆਈ