ਊਧਮਪੁਰ/ਜੰਮੂ, 30 ਜੂਨ
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਸਵੇਰੇ ਜੰਮੂ ਦੇ ਭਗਵਤੀ ਨਗਰ ਕੈਂਪ ਤੋਂ ਸਾਲਾਨਾ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ’ਚ ਅਮਰਨਾਥ ਤੀਰਥ ਯਾਤਰੀਆਂ ਦੇ ਸੁਰੱਖਿਆ ਕਾਫ਼ਲੇ ਦਾ ਵਾਹਨ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ’ਤੇ ਫਿਸਲ ਗਿਆ। ਇਸ ਵਿੱਚ ਸਵਾਰ ਡੀਐੱਸਪੀ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ। ਬਹੁ-ਪਰਤੀ ਸੁਰੱਖਿਆ ਦੇ ਵਿਚਕਾਰ 3400 ਤੋਂ ਵੱਧ ਸ਼ਰਧਾਲੂਆਂ ਦਾ ਪਹਿਲਾ ਜੱਥਾ ਅੱਜ ਰਵਾਨਾ ਕੀਤਾ ਗਿਆ ਹੈ। ਊਧਮਪੁਰ ਦੇ ਐੱਸਐੱਸਪੀ ਡਾ. ਵਿਨੋਦ ਕੁਮਾਰ ਨੇ ਦੱਸਿਆ ਕਿ ਸੁਰੱਖਿਆ ਕਾਫਲਾ ਜੰਮੂ ਤੋਂ ਕਸ਼ਮੀਰ ਜਾ ਰਿਹਾ ਸੀ ਕਿ ਬਾਲੀ ਨਾਲਾ ਖੇਤਰ ਵਿੱਚ ਇਸ ਵਿੱਚ ਸ਼ਾਮਲ ਵਾਹਨਾਂ ਵਿੱਚੋਂ ਇੱਕ ਹਾਈਵੇਅ ’ਤੇ ਪਲਟ ਗਿਆ। ਇਸ ਹਾਦਸੇ ਵਿੱਚ ਡੀਐੱਸਪੀ ਸਣੇ ਤਿੰਨ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। -ਪੀਟੀਆਈ
ਯਾਤਰੀਆਂ ਨੂੰ ਫਰਜ਼ੀ ਰਜਿਸਟ੍ਰੇਸ਼ਨ ਜਾਰੀ ਕਰਨ ਦੇ ਮਾਮਲੇ ਦਾ ਪਰਦਾਫਾਸ਼
ਸਾਂਬਾ: ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਅਮਰਨਾਥ ਤੀਰਥ ਯਾਤਰੀਆਂ ਨੂੰ ਫਰਜ਼ੀ ਰਜਿਸਟ੍ਰੇਸ਼ਨ ਸਲਿਪਾਂ ਜਾਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਦਾ ਉਸ ਸਮੇਂ ਪਤਾ ਚੱਲਿਆ ਜਦੋਂ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਤੋਂ ਸ਼ਰਧਾਲੂਆਂ ਨੂੰ ਲੈ ਕੇ ਦੋ ਬੱਸਾਂ ਇੱਥੇ ਪਹੁੰਚੀਆਂ। ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਜਦੋਂ 68 ਅਮਰਨਾਥ ਯਾਤਰੀਆਂ ਨੂੰ ਲੈ ਕੇ ਬੱਸ ਸਾਂਬਾ ਦੇ ਚੀਚੀ ਮੰਦਰ ਪਹੁੰਚੀ ਤਾਂ ਈ-ਕੇਵਾਈਸੀ ਵੈਰੀਫਿਕੇਸ਼ਨ ਅਤੇ ਆਰਐੱਫਆਈਡੀ ਕਾਰਡ ਜਾਰੀ ਕਰਨ ਮੌਕੇ ਇਹ ਮਾਮਲਾ ਸਾਹਮਣੇ ਆਇਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਂਬਾ ਥਾਣੇ ਵਿੱਚ ਆਈਪੀਸੀ ਦੀਆਂ ਧਾਰਾਵਾਂ 420/468 ਤਹਿਤ ਕੇਸ ਦਰਜ ਕੀਤਾ ਗਿਆ ਹੈ। -ਏਐੱਨਆਈ