ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਦਸੰਬਰ
ਸਿੰਘੂ ਬਾਰਡਰ ਉੱਤੇ ਚੱਲ ਰਹੇ ਧਰਨੇ ਵਿੱਚ ਪੰਜਾਬ ਦੇ ਸ਼ੌਕੀਨ ਗੱਭਰੂ ਵੀ ਪਹੁੰਚੇ ਹੋਏ ਹਨ, ਜਿਨ੍ਹਾਂ ਦੀਆਂ ਟਰੈਕਟਰ ਟਰਾਲੀਆਂ ਵਿੱਚ ਹਰ ਆਧੁਨਿਕ ਸਹੂਲਤ ਮੌਜੂਦ ਹੈ। ਇਨ੍ਹਾਂ ਸਜਾਏ ਹੋਏ ਟਰੈਕਟਰਾਂ ਵੱਲ ਹਰੇਕ ਦੀ ਨਜ਼ਰ ਜਾਂਦੀ ਹੈ। ਲੱਖਾਂ ਰੁਪਏ ਲਾ ਕੇ ਤਿਆਰ ਕੀਤੀਆਂ ਇਨ੍ਹਾਂ ਟਰਾਲੀਆਂ ਵਿੱਚ ਰਾਤਾਂ ਨੂੰ ਸੌਣ ਦੇ ਸਮੁੱਚੇ ਪ੍ਰਬੰਧ ਕੀਤੇ ਹੋਏ ਹਨ। ਟਰੈਕਟਰਾਂ ਉਪਰ ਵੀ ਵੱਖ ਤੋਂ ਰੂਪ-ਸੱਜਾ ਕੀਤੀ ਹੋਈ ਹੈ।
ਟਰੈਕਟਰਾਂ ਉਪਰ ਲੱਗੇ ਮਹਿੰਗੇ ਡੈੱਕਾਂ ਉਪਰ ਹੁਣ ਬੀਤੇ ਤਿੰਨ ਮਹੀਨਿਆਂ ਦੌਰਾਨ ਪੰਜਾਬੀ ਗਾਇਕਾਂ ਵੱਲੋਂ ਖੇਤੀ ਕਾਨੂੰਨਾਂ ਦੀ ਖ਼ਿਲਾਫ਼ਤ ਕਰਦੇ ਗਾਏ ਗਾਣਿਆਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਹਾਈਡਰੌਲਿਕ ਸਿਸਟਮ ਵਾਲੀਆਂ ਕਈ ਟਰਾਲੀਆਂ ਇੱਥੇ ਪਹੁੰਚੀਆਂ ਹੋਈਆਂ ਹਨ। ਉੱਤਰਾਖੰਡ ਤੋਂ ਆਏ ਇਕ ਨੌਜਵਾਨ ਨੇ ਤਾਂ ਟਰਾਲੀ ਵਿੱਚ ਏਸੀ ਤੇ ਹੋਰ ਇੰਤਜ਼ਾਮ ਵੀ ਕੀਤੇ ਹੋਏ ਹਨ। ਇਕ ਟਰੈਕਟਰ ਉਪਰ ਸੂਰਜੀ ਊਰਜਾ ਦੀਆਂ ਪਲੇਟਾਂ ਲਾ ਕੇ ਬਿਜਲੀ ਦੇ ਢੁੱਕਵੇਂ ਪ੍ਰਬੰਧ ਕੀਤੇ ਹੋਏ ਹਨ। ਸੰਗਰੂਰ ਜ਼ਿਲ੍ਹੇ ਤੋਂ ਆਏ ਇਕ ਕਿਸਾਨ ਨੇ ਟਰੈਕਟਰ ਦੀ ਸਜਾਵਟ ਲਈ ਹੀ ਕਰੀਬ ਲੱਖ ਰੁਪਇਆ ਖਰਚਿਆ ਹੋਇਆ ਹੈ। ਸਿੰਘੂ ਬਾਰਡਰ ’ਤੇ ਕਰੀਬ 5 ਕਿਲੋਮੀਟਰ ਲੰਮੇ ਖੇਤਰ ਵਿੱਚ ਟਰਾਲੀਆਂ ਕੌਮੀ ਮਾਰਗ ਦੇ ਦੋਵੇਂ ਪਾਸੇ ਖੜ੍ਹੀਆਂ ਹਨ।