ਨਵੀਂ ਦਿੱਲੀ, 31 ਅਗਸਤ
ਉੱਤਰ ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ ‘ਚ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਸੀਨੀਅਰ ਮੈਨੇਜਰ ਦੀ ਹੱਤਿਆ ਅਤੇ ਉਸ ਦੇ ਮਾਮੇ ਨੂੰ ਜ਼ਖ਼ਮੀ ਕਰਨ ਦੇ ਮਾਮਲੇ ‘ਚ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਭਜਨਪੁਰਾ ਦੇ ਸੁਭਾਸ਼ ਮੁਹੱਲੇ ਦੇ ਰਹਿਣ ਵਾਲੇ ਬਿਲਾਲ ਗਨੀ (18) ਨੂੰ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਕਰੀਬ 2 ਵਜੇ ਸਿਗਨੇਚਰ ਬ੍ਰਿਜ ਨੇੜਿਓਂ ਕਾਬੂ ਕੀਤਾ ਗਿਆ। ਹਰਪ੍ਰੀਤ ਗਿੱਲ (36) ਅਤੇ ਉਸ ਦੇ ਮਾਮਾ ਗੋਵਿੰਦ ਸਿੰਘ (32) ਨੂੰ ਮੰਗਲਵਾਰ ਰਾਤ ਕਰੀਬ 11.30 ਵਜੇ ਸੁਭਾਸ਼ ਵਿਹਾਰ ਇਲਾਕੇ ਵਿੱਚ ਗੋਲੀ ਮਾਰ ਦਿੱਤੀ ਗਈ। ਗਿੱਲ ਅਤੇ ਉਸ ਦਾ ਮਾਮਾ ਦੋਵੇਂ ਮੋਟਰਸਾਈਕਲ ‘ਤੇ ਜਾ ਰਹੇ ਸਨ ਜਦੋਂ ਸਕੂਟਰ ਅਤੇ ਮੋਟਰਸਾਈਕਲ ‘ਤੇ ਸਵਾਰ ਹਮਲਾਵਰ ਆਏ ਅਤੇ ਉਨ੍ਹਾਂ ਨੂੰ ਰੋਕ ਕੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਅਨੁਸਾਰ ਮੁਲਜ਼ਮ ਬਿਲਾਲ ਗਨੀ ਅਤੇ ਉਸ ਦੇ ਸਾਥੀ ਮੁਹੰਮਦ ਸਮੀਰ (18), ਸੋਹੇਲ (23), ਮੁਹੰਮਦ ਜੁਨੈਦ (23) ਅਤੇ ਅਦਨਾਨ (19) ਭਜਨਪੁਰਾ ਦੇ ਉੱਤਰੀ ਘੋਂਡਾ ਵਿੱਚ ਪਾਰਟੀ ਕਰ ਰਹੇ ਸਨ। ਰਾਤ ਕਰੀਬ 10.30 ਵਜੇ ਉਹ ਸਾਰੇ ਉੱਥੋਂ ਨਿਕਲੇ। ਉਹ ਕਈ ਥਾਵਾਂ ‘ਤੇ ਰੁਕੇ ਅਤੇ ਫਿਰ ਇੱਕ ਤੰਗ ਗਲੀ ਵੱਲ ਜਾਣ ਲੱਗੇ। ਇਸ ਵਿੱਚੋਂ ਇੱਕੋ ਸਮੇਂ ਦੋ ਮੋਟਰਸਾਈਕਲ ਨਹੀਂ ਲੰਘ ਸਕਦੇ। ਦੂਜੇ ਪਾਸਿਓਂ ਗਿੱਲ ਤੇ ਉਸ ਦਾ ਮਾਮਾ ਆ ਰਹੇ ਸਨ। ਰਸਤਾ ਦੇਣ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਬਹਿਸ ਹੋ ਗਈ। ਇਸ ‘ਤੇ ਗਨੀ ਅਤੇ ਉਸ ਦੇ ਸਾਥੀ ਹਮਲਾਵਰ ਹੋ ਗਏ ਅਤੇ ਫਿਰ ਜੁਨੈਦ ਨੇ ਗੋਵਿੰਦ ਸਿੰਘ ਨੂੰ ਥੱਪੜ ਮਾਰ ਦਿੱਤਾ। ਇਸ ਦੌਰਾਨ ਸਮੀਰ ਨੇ ਗਿੱਲ ਦੇ ਸਿਰ ’ਚ ਗੋਲੀ ਮਾਰ ਦਿੱਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ। ਬਿਲਾਲ ਗਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।