ਮੁੰਬਈ, 1 ਅਪਰੈਲ
ਕੇਂਦਰੀ ਜਾਂਚ ਏਜੰਸੀ(ਐਨਆਈਏ) ਨੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਨੇੜਿਓਂ ਧਮਾਕਾਖੇਜ਼ ਸਮੱਗਰੀ ਨਾਲ ਭਰੀ ਐਸਯੂਵੀ ਮਿਲਣ ਅਤੇ ਉਦਯੋਗਪਤੀ ਮਨਸੁਖ ਹੀਰੇਨ ਦੀ ਮੌਤ ਮਾਮਲੇ ਵਿੱਚ ਵੀਰਵਾਰ ਨੂੰ ਦੱਖਣੀ ਮੁੰਬਈ ਦੇ ਇਕ ਹੋਟਲ ਅਤੇ ਕਲੱਬ ਦੀ ਤਲਾਸ਼ੀ ਲਈ ਅਤੇ ਮੁਅੱਤਲ ਪੁਲੀਸ ਅਧਿਕਾਰੀ ਸਿਚਨ ਵਾਜੇ ਵੱਲੋਂ ਵਰਤੇ ਸਿਮ ਕਾਰਡਾਂ ਨਾਲ ਸਬੰਧਤ ਅਹਿਮ ਦਸਤਾਵੇਜ਼ ਬਰਾਮਦ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਐਨਆਈਏ ਨੇ ਕਲੱਬ ਅਤੇ ਹੋਟਲ ਦੇ ਕਈ ਮੁਲਾਜ਼ਮਾਂ ਤੋਂ ਪੁੱਛਗਿਛ ਕੀਤੀ। ਜਾਂਚ ਟੀਮ ਤਿੰਨ ਘੰਟੇ ਤੋਂ ਵਧ ਸਮਾਂ ਉਥੇ ਰਹੀ।
ਕਾਬਿਲੇਗੌਰ ਹੈ ਕਿ ਹੀਰੇਨ ਦੀ ਕਾਰ ਦੀ ਵਰਤੋਂ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਨੇੜੇ ਧਮਾਕਾਖੇਜ਼ ਸਮੱਗਰੀ ਰੱਖਣ ਲਈ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦੇਵਜੀਤ ਨਾਂ ਦੇ ਵਿਅਕਤੀ ਵੱਲੋਂ ਚਲਾਏ ਜਾ ਰਹੇ ‘ਆਸ਼ੀਸ਼ ਕਲੱਬ’ ਵਿੱਚ ਛਾਪਾ ਮਾਰਿਆ ਗਿਆ। ਦੇਵਜੀਤ ਨੇ ਮੁਲਜ਼ਮਾਂ ਵਿਚੋਂ ਇਕ ਨਰੇਸ਼ ਗੌੜ ਨੂੰ ਕਥਿਤ ਤੌਰ ’ਤੇ ਵਾਜੇ ਦੇ ਹੁਕਮਾਂ ’ਤੇ ਨੌਕਰੀ ਦਿੱਤੀ ਸੀ। ਵਾਜੇ ਨੇ ਨਰੇਸ਼ ਨੂੰ ਹੁਕਮ ਦਿੱਤਾ ਸੀ ਕਿ ਉਹ ਉਨ੍ਹਾਂ ਲਈ ਸਿਮ ਕਾਰਡ ਖਰੀਦੇ। ਅਧਿਕਾਰੀਆਂ ਅਨੁਸਾਰ ਨਰੇਸ਼ ਨੇ ਕਥਿਤ ਤੌਰ ’ਤੇ ਗੁਆਂਢੀ ਸੂਬੇ ਗੁਜਰਾਤ ਤੋਂ ਸਿਮ ਕਾਰਡ ਖਰੀਦੇ ਅਤੇ ਮੁਲਜ਼ਮ ਵਿਨਾਇਕ ਸ਼ਿੰਦੇ ਰਾਹੀਂ ਉਹ ਵਾਜੇ ਨੂੰ ਦਿੱਤੇ ਗਏ। ਇਕ ਸਿਮ ਕਾਰਡ ਦੀ ਵਰਤੋਂ ਵਾਜੇ ਨੇ ਹੀਰੇਨ ਨੂੰ ਫੋਨ ਕਰਨ ਲਈ ਕੀਤੀ ਸੀ, ਜੋ ਵਪਾਰੀ ਦੀ ਹੱਤਿਆ ਤੋਂ ਪਹਿਲਾਂ ਕੀਤੀ ਅੰਤਿਮ ਕਾਲ ਸੀ। -ਏਜੰਸੀ