ਬਾਰਾਬੰਕੀ(ਯੂਪੀ), 28 ਮਈ
ਉੱਤਰ ਪ੍ਰਦੇਸ਼ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ(ਐੱਸਆਈਟੀ) ਨੇ ਐਂਬੂਲੈਂਸ ਕੇਸ ਸਬੰਧੀ ਬਹੁਜਨ ਸਮਾਜ ਪਾਰਟੀ ਦੇ ਮਊ ਤੋਂ ਵਿਧਾਇਕ ਅਤੇ ਮੁਲਜ਼ਮ ਮੁਖਤਾਰ ਅੰਸਾਰੀ ਤੋਂ ਬਾਂਦਾ ਜੇਲ੍ਹ ਪਹੁੰਚ ਕੇ ਕਈ ਪਹਿਲੂਆਂ ’ਤੇ ਪੁੱਛ ਪੜਤਾਲ ਕੀਤੀ। ਬਾਰਾਬੰਕੀ ਦੇ ਪੁਲੀਸ ਅਧਿਕਾਰੀ ਯਮੁਨਾ ਪ੍ਰਸ਼ਾਦ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਮੁਖਤਾਰ ਅੰਸਾਰੀ ਤੋਂ ਦੋ ਦਿਨ ਤੱਕ ਕੀਤੀ ਗਈ ਪੁੱਛਗਿੱਛ ਮਗਰੋਂ ਬਾਰਾਬੰਕੀ ਦੇ ਕੁੱਝ ਰੀਅਲ ਅਸਟੇਟ ਕਾਰੋਬਾਰੀਆਂ ਅਤੇ ਹੋਰ ਲੋਕਾਂ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਅੰਸਾਰੀ ਦੇ ਕਰੀਬੀ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੜਤਾਲ ਮਗਰੋਂ ਜਲਦੀ ਹੀ ਮੁਲਜ਼ਮਾਂ ਨੂੰ ਜੇਲ੍ਹ ਭੇਜਿਆ ਜਾਵੇਗਾ। ਅੰਸਾਰੀ ਨੂੰ ਜਬਰਨ ਵਸੂਲੀ ਦੇ ਇੱਕ ਮਾਮਲੇ ਵਿੱਚ 31 ਮਾਰਚ ਨੂੰ ਪੰਜਾਬ ਦੀ ਰੋਪੜ ਜੇਲ੍ਹ ਤੋਂ ਐਂਬੂਲੈਂਸ ਰਾਹੀਂ ਮੁਹਾਲੀ ਦੀ ਇੱਕ ਅਦਾਲਤ ਵਿੱਚ ਲਿਜਾਇਆ ਗਿਆ ਸੀ, ਜਿਸ ’ਤੇ ਬਾਰਾਬੰਕੀ ਜ਼ਿਲ੍ਹੇ ਦੀ ਨੰਬਰ ਪਲੇਟ ਲੱਗੀ ਹੋਈ ਸੀ। ਬਾਰਾਬੰਕੀ ਵਿੱਚ 2 ਅਪਰੈਲ ਨੂੰ ਐਂਬੂਲੈਂਸ ਦੇ ਦਸਤਾਵੇਜ਼ ਫਰਜ਼ੀ ਹੋਣ ਦਾ ਕੇਸ ਦਰਜ ਕੀਤਾ ਗਿਆ ਸੀ। ਇਹ ਐਂਬੂਲੈਂਸ ਡਾ. ਅਲਕਾ ਰਾਏ ਦੇ ਨਾਂ ’ਤੇ ਰਜਿਸਟਰਡ ਸੀ। ਇਸ ਮਾਮਲੇ ਸਬੰਧੀ ਪੁਲੀਸ ਨੇ ਐੱਸਆਈਟੀ ਦੀ ਜਾਂਚ ਮਗਰੋਂ ਅਲਕਾ ਰਾਏ ਸਮੇਤ ਦੋ ਵਿਅਕਤੀਆਂ ਨੂੰ 20 ਅਪਰੈਲ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰਾਏ ਨੇ ਦੋਸ਼ ਲਾਇਆ ਸੀ ਕਿ ਅੰਸਾਰੀ ਨੇ ਜਬਰਦਸਤੀ ਉਸ ਤੋਂ ਕਾਗਜ਼ਾਂ ’ਤੇ ਦਸਤਖ਼ਤ ਕਰਵਾਏ ਸਨ। ਇਸੇ ਬਿਆਨ ਦੇ ਆਧਾਰ ’ਤੇ ਬਾਰਾਬੰਕੀ ਪੁਲੀਸ ਨੇ ਅੰਸਾਰੀ ਖ਼ਿਲਾਫ਼ ਸਾਜ਼ਿਸ਼ ਕੇਸ ਦਰਜ ਕਰਕੇ ਜਾਂਚ ਐੱਸਆਈਟੀ ਨੂੰ ਸੌਂਪੀ ਸੀ। -ਪੀਟੀਆਈ