ਨਵੀਂ ਦਿੱਲੀ, 12 ਅਗਸਤ
ਤਰਕਸ਼ੀਲ ਨਰੇਂਦਰ ਦਾਭੋਲਕਰ ਅਤੇ ਭਾਜਪਾ ਆਗੂ ਯੋਗੇਸ਼ ਗੌੜਾ ਦੀਆਂ ਹੱਤਿਆਵਾਂ ਦੇ ਕੇਸ ਸਫ਼ਲਤਾਪੂਰਬਕ ਸੁਲਝਾਉਣ ਲਈ ਸੀਬੀਆਈ ਦੇ 15 ਅਧਿਕਾਰੀਆਂ ਸਮੇਤ 121 ਪੁਲੀਸ ਕਰਮੀਆਂ ਨੂੰ 2020 ਦੇ ਵੱਕਾਰੀ ‘ਜਾਂਚ ’ਚ ਸਰਬਸ਼੍ਰੇਠਤਾ ਲਈ ਕੇਂਦਰੀ ਗ੍ਰਹਿ ਮੰਤਰੀ ਮੈਡਲ’ ਨਾਲ ਸਨਮਾਨਤ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਵੱਕਾਰੀ ਪੁਰਸਕਾਰ ਹਾਸਲ ਕਰਨ ਵਾਲਿਆਂ ’ਚ 21 ਮਹਿਲਾਵਾਂ ਵੀ ਸ਼ਾਮਲ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੁਰਸਕਾਰ ਹਾਸਲ ਕਰਨ ਵਾਲੇ ਪੁਲੀਸ ਕਰਮੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨਸਾਫ਼ ਦਿਵਾਉਣ ’ਚ ਮੁਕੰਮਲ ਜਾਂਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਵਰ੍ਹੇ ਜਾਂਚ ਲਈ ਸਭ ਤੋਂ ਵੱਧ 15 ਮੈਡਲ ਸੀਬੀਆਈ ਦੀ ਝੋਲੀ ਪਏ ਹਨ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਪੁਲੀਸ (10-10), ਉੱਤਰ ਪ੍ਰਦੇਸ਼ ਪੁਲੀਸ (8), ਕੇਰਲਾ ਅਤੇ ਪੱਛਮੀ ਬੰਗਾਲ ਪੁਲੀਸ (7-7) ਦਾ ਨੰਬਰ ਆਉਂਦਾ ਹੈ। ਸੀਬੀਆਈ ਦੇ ਤਰਜਮਾਨ ਆਰ ਕੇ ਗੌੜ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਜਾਂਚ ਏਜੰਸੀਆਂ ਅਤੇ ਸੂਬਿਆਂ ਦੀ ਪੁਲੀਸ ਨੂੰ ਹੱਲਾਸ਼ੇਰੀ ਦੇਣ ਲਈ 2018 ਤੋਂ ਮੈਡਲ ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ। ਮੈਡਲ ਹਾਸਲ ਕਰਨ ਵਾਲੇ ਸੀਬੀਆਈ ਅਧਿਕਾਰੀਆਂ ’ਚ ਮੁੰਬਈ ਵਿਸ਼ੇਸ਼ ਕ੍ਰਾਈਮ ਬ੍ਰਾਂਚ ਦੇ ਏਐੱਸਪੀ ਸੁਭਾਸ਼ ਰਾਮਰੂਪ ਸਿੰਘ ਸ਼ਾਮਲ ਹਨ ਜਿਨ੍ਹਾਂ ਦੀ ਟੀਮ ਨੇ ਲੇਖਕ ਐੱਮ ਐੱਮ ਕਲਬੁਰਗੀ, ਪੱਤਰਕਾਰ ਗੌਰੀ ਲੰਕੇਸ਼ ਅਤੇ ਗੋਵਿੰਦ ਪਨਸਾਰੇ ਦੀਆਂ ਹੱਤਿਆਵਾਂ ’ਚ ਸੁਰਾਗ ਲੱਭਣ ’ਚ ਅਹਿਮ ਭੂਮਿਕਾ ਨਿਭਾਈ ਹੈ।
-ਪੀਟੀਆਈ
ਪੰਜਾਬ ਪੁਲੀਸ ਦੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਨੂੰ ਸਨਮਾਨ
ਮੁਹਾਲੀ (ਪੱਤਰ ਪ੍ਰੇਰਕ): ਪੰਜਾਬ ਪੁਲੀਸ ਦੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਨੂੰ ‘ਜਾਂਚ ’ਚ ਸਰਬਸ਼੍ਰੇਠਤਾ ਲਈ ਕੇਂਦਰੀ ਗ੍ਰਹਿ ਮੰਤਰੀ ਦੇ ਮੈਡਲ’ ਨਾਲ ਸਨਮਾਨਤ ਕੀਤਾ ਗਿਆ ਹੈ। ਸ੍ਰੀ ਬਰਾੜ ਨੂੰ ਵਧਾਈ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 2015 ਤੋਂ 2017 ’ਚ ਹੋਈਆਂ ਹੱਤਿਆਵਾਂ ਸਮੇਤ ਕਈ ਸਨਸਨੀਖੇਜ਼ ਕੇਸਾਂ ਨੂੰ ਹੱਲ ਕਰਨ ’ਚ ਉਨ੍ਹਾਂ ਅਹਿਮ ਭੂਮਿਕਾ ਨਿਭਾਈ ਸੀ। ਬਿਕਰਮਜੀਤ ਸਿੰਘ ਬਰਾੜ ਇਸ ਸਮੇਂ ਮੁਹਾਲੀ ’ਚ ਡੀਐੱਸਪੀ ਡਿਟੈਕਟਿਵ ਦੇ ਅਹੁਦੇ ’ਤੇ ਤਾਇਨਾਤ ਹਨ ਅਤੇ ਉਨ੍ਹਾਂ ਨੂੰ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸ੍ਰੀ ਗੁਪਤਾ ਨੇ ਦੱਸਿਆ ਕਿ ਡੀਐੱਸਪੀ ਨੇ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਦੀ ਗ੍ਰਿਫ਼ਤਾਰੀ ’ਚ ਵੀ ਆਪਣਾ ਯੋਗਦਾਨ ਪਾਇਆ ਸੀ।