ਭੋਪਾਲ, 20 ਅਗਸਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੱਧ ਪ੍ਰਦੇਸ਼ ਸਰਕਾਰ ਦਾ ਪਿਛਲੇ 20 ਸਾਲਾਂ (2003-2023) ਦਾ ‘ਰਿਪੋਰਟ ਕਾਰਡ’ ਜਾਰੀ ਕਰਦਿਆਂ ਅੱਜ ਦਾਅਵਾ ਕੀਤਾ ਕਿ ਸੂਬੇ ਦੀ ਭਾਜਪਾ ਸਰਕਾਰ ਰਾਜ ’ਤੇ ਲੱਗਾ ‘ਬੀਮਾਰੂ’ ਵਰਗ ਦਾ ਟੈਗ ਲਾਹੁਣ ਵਿੱਚ ਸਫ਼ਲ ਰਹੀ ਹੈ, ਜੋ ਪਿਛਲੀ ਕਾਂਗਰਸ ਸਰਕਾਰ ਦੀ ਵਿਰਾਸਤ ਸੀ। ਰਿਪੋਰਟ ਕਾਰਡ ਜਾਰੀ ਕਰਨ ਲਈ ਰੱਖੇ ਸਮਾਗਮ ਵਿੱਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਮੱਧ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਵੀ.ਡੀ.ਸ਼ਰਮਾ ਤੇ ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਵੀ ਮੌਜੂਦ ਸਨ। ਮੱਧ ਪ੍ਰਦੇਸ਼ ਵਿੱਚ ਇਸ ਸਾਲ ਦੇ ਅਖੀਰ ਵਿੱਚ ਅਸੈਂਬਲੀ ਚੋਣਾਂ ਹੋਣੀਆਂ ਹਨ। ਬੀਮਾਰੂ ਟੈਗ ਅਕਸਰ ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਤੇ ਉੱਤਰ ਪ੍ਰਦੇਸ਼ ਜਿਹੇ ਸੂਬਿਆਂ ਦੇ ਹਵਾਲੇ ਨਾਲ ਵਰਤਿਆ ਜਾਂਦਾ ਸੀ। ਬੀਮਾਰੂ ਤੋਂ ਭਾਵ ਇਨ੍ਹਾਂ ਰਾਜਾਂ ਦੇ ਆਰਥਿਕ ਵਿਕਾਸ, ਸਿਹਤ ਸੰਭਾਲ, ਸਿੱਖਿਆ ਤੇ ਹੋਰਨਾਂ ਮਾਪਦੰਡਾਂ ਵਿੱਚ ਪਛੜਨਾ ਸੀ। -ਪੀਟੀਆਈ