ਨਵੀਂ ਦਿੱਲੀ, 28 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦੇਸ਼ ਦੇ ਤੱਟਾਂ ਦੀ ਸੁਰੱਖਿਆ ਲਈ ਬਣਾਈ ਗਈ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ ਕਮੇਟੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਬਣਾਈ ਗਈ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਦੇ ਸਾਰੇ ਦੀਪ ਸਮੂਹਾਂ ਦਾ ਸਰਵੇਖਣ ਕੀਤਾ ਗਿਆ ਹੈ ਅਤੇ ਇਨ੍ਹਾਂ ਸਰਵੇਖਣਾਂ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਕਈ ਅਹਿਮ ਫੈਸਲੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਤੱਟਾਂ ਦੀ ਰਾਖੀ ਲਈ ਕਈ ਮੰਤਰਾਲੇ ਤੇ ਏਜੰਸੀਆਂ ਜੁੜੀਆਂ ਹੋਈਆਂ ਹਨ ਤੇ ਇਨ੍ਹਾਂ ਮੰਤਰਾਲਿਆਂ ਤੇ ਏਜੰਸੀਆਂ ਵਿੱਚ ਆਪਸੀ ਤਾਲਮੇਲ ਵਧਾ ਕੇ ਸਮੁੰਦਰੀ ਤੱਟਾਂ ਨੇੜਲੇ ਸੂਬਿਆਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜਬੂਤ ਕੀਤਾ ਜਾ ਸਕਦਾ ਹੈ। ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਹੇਠ ਜਲਦੀ ਹੀ ਮੀਟਿੰਗ ਹੋਵੇਗੀ। ਮੌਜੂਦਾ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸੁਝਾਅ ਦਿੱਤਾ ਕਿ ਹਰ ਸੂਬੇ ਵਿੱਚ ਇਕ ਵੱਖਰਾ ਤੱਟੀ ਪੁਲੀਸ ਕੇਡਰ ਬਣਾਇਆ ਜਾਵੇ ਤੇ ਸਮੁੰਦਰੀ ਦੀਪਾਂ ਅਤੇ ਤੱਟੀ ਇਲਾਕਿਆਂ ਦੀ ਸੁਰੱਖਿਆ ਲਈ ਆਧੁਨਿਕ ਤਕਨੀਕਾਂ ਅਪਣਾਈਆਂ ਜਾਣ। ਮੀਟਿੰਗ ਦੌਰਾਨ ਸਰਹੱਦ ਪ੍ਰਬੰਧਕੀ ਵਿਭਾਗ ਨੇ ਵੱਖ ਵੱਖ ਪ੍ਰੈਜ਼ੇਟੇਸ਼ਨਾਂ ਵੀ ਦਿੱਤੀਆਂ। -ਆਈਏਐੱਨਐੱਸ