ਨਵੀਂ ਦਿੱਲੀ, 17 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਕਸ਼ਮੀਰੀ ਪੰਡਿਤਾਂ ਸਮੇਤ ਕਈ ਟਾਰਗੇਟ ਹੱਤਿਆਵਾਂ ਤੋਂ ਬਾਅਦ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਉੱਚ ਪੱਧਰੀ ਮੀਟਿੰਗ ਵਿੱਚ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ, ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਅਤੇ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਦੇ ਮੁਖੀ ਸ਼ਾਮਲ ਸਨ। ਇਸ ਦੌਰਾਨ 30 ਜੂਨ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। 12 ਮਈ ਨੂੰ ਬਡਗਾਮ ਜ਼ਿਲ੍ਹੇ ‘ਚ ਸਰਕਾਰੀ ਕਰਮਚਾਰੀ ਰਾਹੁਲ ਭੱਟ ਨੂੰ ਉਸ ਦੇ ਦਫਤਰ ਦੇ ਅੰਦਰ ਅਤਿਵਾਦੀਆਂ ਨੇ ਮਾਰ ਦਿੱਤਾ ਸੀ। ਕਸ਼ਮੀਰੀ ਪੰਡਿਤ ਦੀ ਮੌਤ ਤੋਂ ਇੱਕ ਦਿਨ ਬਾਅਦ ਪੁਲੀਸ ਕਾਂਸਟੇਬਲ ਰਿਆਜ਼ ਅਹਿਮਦ ਠੋਕਰ ਨੂੰ ਪੁਲਵਾਮਾ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਘਰ ‘ਤੇ ਅਤਿਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ। ਪਿਛਲੇ ਹਫ਼ਤੇ ਜੰਮੂ ਦੇ ਕਟੜਾ ਨੇੜੇ ਬੱਸ ਨੂੰ ਅੱਗ ਲੱਗਣ ਕਾਰਨ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਅਤੇ ਘੱਟੋ-ਘੱਟ 20 ਜ਼ਖ਼ਮੀ ਹੋ ਗਏ ਸਨ। ਪੁਲੀਸ ਨੂੰ ਸ਼ੱਕ ਹੈ ਕਿ ਅੱਗ ਨੂੰ ਲਾਉਣ ਲਈ ਬੰਬ ਦੀ ਵਰਤੋਂ ਕੀਤੀ ਗਈ ਹੋ ਸਕਦੀ ਹੈ।