ਮੁੰਬਈ, 23 ਜੁਲਾਈ
ਅਮਿਤਾਭ ਬੱਚਨ ਨੇ ਅੱਜ ਸ਼ਾਮ ਟਵੀਟ ਕਰਕੇ ਆਪਣੇ ਕਰੋਨਾ ਨੈਗੇਟਿਵ ਹੋਣ ਸਬੰਧੀ ਖ਼ਬਰਾਂ ਦਾ ਖੰਡਨ ਕੀਤਾ ਹੈ। ਅਮਿਤਾਭ ਬੱਚਨ ਨੇ ਆਪਣੇ ਅਧਿਕਾਰਤ ਟਵਿੱਟਰ ਖਾਤੇ ’ਤੇ ਉਸ ਟੀਵੀ ਚੈਨਲ ਦੀ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ’ਚ ਉਨ੍ਹਾਂ ਦੇ ਕਰੋਨਾ ਨੈਗੇਟਿਵ ਹੋਣ ਬਾਰੇ ਖ਼ਬਰ ਚਲਾਈ ਗਈ ਸੀ। ਅਮਿਤਾਭ ਨੇ ਟਵੀਟ ਕੀਤਾ, ‘ਇਹ ਖ਼ਬਰ ਗਲਤ, ਗ਼ੈਰ-ਜ਼ਿੰਮੇਵਾਰਾਨਾ, ਫਰਜ਼ੀ ਤੇ ਪੂਰੀ ਤਰ੍ਹਾਂ ਝੂਠੀ ਹੈ।’ ਅਮਿਤਾਭ ਬੱਚਨ ਦੀ ਸਿਹਤ ਬਾਰੇ ਚੱਲ ਰਹੀਆਂ ਖ਼ਬਰਾਂ ਕਾਰਨ ਬੌਲੀਵੁੱਡ ਦੀਆਂ ਕਈ ਹਸਤੀਆਂ ਵੀ ਫਿਕਰਮੰਦ ਹਨ। ਅਮਿਤਾਭ ਨੇ ਆਪਣੇ ਇੱਕ ਪ੍ਰਸ਼ੰਸਕ ਵੱਲੋਂ ਪੋਸਟ ਕੀਤੀ ਟਵੀਟ ਵੀ ਅੱਗੇ ਸਾਂਝੀ ਕੀਤੀ, ‘ਇਹ ਕੋਈ ਕਿਸੇ ਦੀ ਨਿੱਜਤਾ ਨਾਲ ਖੇਡ ਰਿਹਾ ਹੈ।’ -ਆਈਏਐੱਨਐੱਸ