ਨਵੀਂ ਦਿੱਲੀ: ਅਮੂਲ ਤੇ ਮਦਰ ਡੇਅਰੀ ਨੇ ਬੁੱਧਵਾਰ ਤੋਂ ਦੁੱਧ ਦੀਆਂ ਕੀਮਤਾਂ 2 ਰੁਪਏ ਪ੍ਰਤੀ ਲਿਟਰ ਵਧਾਉਣ ਦਾ ਐਲਾਨ ਕੀਤਾ ਹੈ। ਇਹ ਵਾਧਾ ਲਾਗਤ ਖਰਚਾ ਵਧਣ ਕਰਕੇ ਕੀਤਾ ਗਿਆ ਹੈ। ਪਿਛਲੇ 6 ਮਹੀਨਿਆਂ ਵਿੱਚ ਦੂਜੀ ਵਾਰ ਹੈ ਜਦੋਂ ਅਮੂਲ ਤੇ ਮਦਰ ਡੇਅਰੀ ਨੇ ਕੀਮਤਾਂ ਵਿੱਚ ਵਾਧੇ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਮਾਰਚ ਵਿੱਚ ਦੋਵਾਂ ਕੰਪਨੀਆਂ ਨੇ ਪ੍ਰਤੀ ਲਿਟਰ 2 ਰੁਪਏ ਦਾ ਇਜ਼ਾਫਾ ਕੀਤਾ ਸੀ। ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਫੈਡਰੇਸ਼ਨ ਨੇ ਕਿਹਾ ਕਿ 17 ਅਗਸਤ ਤੋੋਂ ਗੁਜਰਾਤ ਦੇ ਅਹਿਮਦਾਬਾਦ ਤੇ ਸੌਰਾਸ਼ਟਰ, ਦਿੱਲੀ-ਐੱਨਸੀਆਰ, ਪੱਛਮੀ ਬੰਗਾਲ, ਮੁੰਬਈ ਤੇ ਹੋਰਨਾਂ ਬਾਜ਼ਾਰਾਂ ਵਿੱਚ ਨਵੇਂ ਰੇਟ ਅਮਲ ਵਿੱਚ ਆ ਜਾਣਗੇ। ਬਿਆਨ ਮੁਤਾਬਕ 2 ਪ੍ਰਤੀ ਲਿਟਰ ਦੇ ਵਾਧੇ ਨਾਲ ਐੱਮਆਰਪੀ 4 ਫੀਸਦ ਵੱਧ ਜਾਵੇਗੀ, ਜੋ ਕਿ ਔਸਤ ਖੁਰਾਕੀ ਮਹਿੰਗਾਈ ਤੋਂ ਘੱਟ ਹੈ। ਉਧਰ ਮਦਰ ਡੇਅਰੀ ਨੇ ਦਿੱਲੀ-ਐੱਨਸੀਆਰ ਵਿੱਚ ਬੁੱਧਵਾਰ ਤੋਂ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲਿਟਰ ਦੇ ਵਾਧੇ ਦਾ ਵੱਖਰੇ ਤੌਰ ’ਤੇ ਐਲਾਨ ਕੀਤਾ ਹੈ। ਮਦਰ ਡੇਅਰ ਦਿੱਲੀ-ਐੱਨਸੀਆਰ ਵਿੱਚ ਪ੍ਰਮੁੱਖ ਦੁੱਧ ਸਪਲਾਇਰ ਹੈ ਤੇ ਰੋਜ਼ਾਨਾ ਪੌਲੀ ਪੈਕੇਟਾਂ ਤੇ ਵੈਂਡਿੰਗ ਮਸ਼ੀਨਾਂ ਜ਼ਰੀਏ 30 ਲੱਖ ਲਿਟਰ ਦੁੱਧ ਵੇਚਦੀ ਹੈ। -ਪੀਟੀਆਈ