ਨਵੀਂ ਦਿੱਲੀ, 14 ਸਤੰਬਰ
ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਰਤ ਦੀ ਭਾਸ਼ਾਈ ਵਿਭਿੰਨਤਾ ਇਸ ਦੀ ਤਾਕਤ ਤੇ ਇਸ ਦੀ ਏਕਤਾ ਦਾ ਪ੍ਰਤੀਕ ਹੈ ਅਤੇ ਨਵੀਂ ਸਿੱਖਿਆ ਨੀਤੀ (ਐੱਨਈਪੀ) ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਦੇ ਸਮਾਨਾਂਤਰ ਵਿਕਾਸ ਲਈ ਮੌਕੇ ਮੁਹੱਈਆ ਕਰਵਾਏਗੀ। ‘ਹਿੰਦੀ ਦਿਵਸ’ ਮੌਕੇ ਟਵੀਟ ਕਰਨ ਤੋਂ ਇਲਾਵਾ ਹਿੰਦੀ ਵਿੱਚ ਦਿੱਤੇ ਇੱਕ ਵੀਡੀਓ ਸੁਨੇਹੇ ’ਚ ਸ੍ਰੀ ਸ਼ਾਹ ਨੇ ਕਿਹਾ ਕਿ ਹਿੰਦੀ ਭਾਰਤੀ ਸੱਭਿਆਚਾਰ ਦਾ ਅਟੁੱਟ ਹਿੱਸਾ ਹੈ ਤੇ ਆਜ਼ਾਦੀ ਦੇ ਸੰਘਰਸ਼ ਸਮੇਂ ਤੋਂ ਹੀ ਇਹ ਕੌਮੀ ਏਕਤਾ ਤੇ ਪਛਾਣ ਦਾ ਪ੍ਰਭਾਵਸ਼ਾਲੀ ਤੇ ਸ਼ਕਤੀਸ਼ਾਲੀ ਮਾਧਿਅਮ ਰਹੀ ਹੈ। ਉਨ੍ਹਾਂ ਕਿਹਾ,‘ਇੱਕ ਮੁਲਕ ਦੀ ਪਛਾਣ ਇਸ ਦੀ ਸਰਹੱਦ ਅਤੇ ਭੂਗੋਲ ਤੋਂ ਹੁੰਦੀ ਹੈ ਪਰ ਇਸ ਦੀ ਸਭ ਤੋਂ ਵੱਡੀ ਪਛਾਣ ਇਸ ਦੀ ਭਾਸ਼ਾ ਹੁੰਦੀ ਹੈ। ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਤੇ ਉਪ-ਭਾਸ਼ਾਵਾਂ ਇਸਦੀ ਤਾਕਤ ਹੋਣ ਦੇ ਨਾਲ-ਨਾਲ ਇਸਦੀ ਏਕਤਾ ਦਾ ਪ੍ਰਤੀਕ ਵੀ ਹਨ। ਉਨ੍ਹਾਂ ਕਿਹਾ ਕਿ ਹਿੰਦੀ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਇਹ ਵਿਗਿਆਨਕ ਹੈ ਤੇ ਇਹ ਆਪਣੀ ਮੌਲਿਕਤਾ ਤੇ ਸਾਦਗੀ ਲਈ ਜਾਣੀ ਜਾਂਦੀ ਹੈ। -ਪੀਟੀਆਈ
ਮੋਦੀ ਵੱਲੋਂ ‘ਹਿੰਦੀ ਦਿਵਸ’ ਦੀਆਂ ਵਧਾਈਆਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਹਿੰਦੀ ਦਿਵਸ’ ਮੌਕੇ ਲੋਕਾਂ ਨੂੰ ਵਧਾਈ ਦਿੰਦਿਆਂ ਇਸ ਭਾਸ਼ਾ ਦੇ ਵਿਕਾਸ ਲਈ ਕੰਮ ਕਰ ਰਹੇ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਟਵੀਟ ਕੀਤਾ,‘ਹਿੰਦੀ ਦਿਵਸ ਮੌਕੇ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ। ਹਿੰਦੀ ਭਾਸ਼ਾ ਦੇ ਵਿਕਾਸ ਲਈ ਕੰਮ ਕਰ ਰਹੇ ਸਾਰੇ ਭਾਸ਼ਾ ਸ਼ਾਸਤਰੀਆਂ ਨੂੰ ਤਹਿ-ਦਿਲੋਂ ਮੁਬਾਰਕਬਾਦ।’ -ਪੀਟੀਆਈ
ਕੁਮਾਰਸਵਾਮੀ ਵੱਲੋਂ ‘ਹਿੰਦੀ ਦਿਵਸ’ ਦਾ ਵਿਰੋਧ
ਬੰਗਲੌਰ: ‘ਹਿੰਦੀ ਦਿਵਸ’ ’ਤੇ ਨਿਸ਼ਾਨਾ ਸਾਧਦਿਆਂ ਸਾਬਕਾ ਮੁੱਖ ਮੰਤਰ ਤੇ ਜਨਤਾ ਦਲ (ਸੈਕੁਲਰ) ਆਗੂ ਐੱਡ ਡੀ ਕੁਮਾਰਸਵਾਮੀ ਨੇ ਕਿਹਾ ਕਿ ਉਹ ਮੁਲਕ ਵਿੱਚ ਹਿੰਦੀ ਨਾ ਬੋਲਣ ਵਾਲੇ ਫ਼ਿਰਕਿਆਂ ’ਤੇ ਜਬਰੀ ਹਿੰਦੀ ਥੋਪਣ ਦਾ ਵਿਰੋਧ ਕਰਨਗੇ। ਕੰਨੜ ’ਚ 10 ਟਵੀਟ ਕਰਦਿਆਂ ਕੁਮਾਰਸਵਾਮੀ ਨੇ ਕਿਹਾ ਕਿ ਹਿੰਦੀ ਕਦੇ ਵੀ ਰਾਸ਼ਟਰ ਭਾਸ਼ਾ ਨਹੀਂ ਸੀ ਅਤੇ ਨਾ ਹੀ ਇਹ ਕਦੇ ਹੋਵੇਗੀ। ਉਨ੍ਹਾਂ ਕਿਹਾ,‘ਸਾਡੇ ਸੰਵਿਧਾਨ ਨੇ ਸਾਰੀਆਂ ਭਾਸ਼ਾਵਾਂ ਨੂੰ ਸਮਾਨ ਦਰਜਾ ਦਿੱਤਾ ਹੈ। ਇਸ ਲਈ ‘ਹਿੰਦੀ ਦਿਵਸ’ ਮਨਾਉਣ ਦਾ ਵਿਚਾਰ ਹੋਰ ਕੁਝ ਨਹੀਂ, ਪਰ ਹਿੰਦੀ ਨੂੰ ਕੌਮੀ ਭਾਸ਼ਾ ਵਜੋਂ ਲਾਗੂ ਕਰਨ ਦਾ ਇੱਕ ਨਾਜ਼ੁਕ ਤਰੀਕਾ ਹੈ। -ਪੀਟੀਆਈ