ਨਵੀਂ ਦਿੱਲੀ, 21 ਅਗਸਤ
ਹਿਮਾਚਲ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਸੀਨੀਅਰ ਆਗੂ ਆਨੰਦ ਸ਼ਰਮਾ ਨੇ ਹਿਮਾਚਲ ਲਈ ਬਣਾਈ ਗਈ ਸਟੀਅਰਿੰਗ ਕਮੇਟੀ ਦੀ ਚੇਅਰਮੈਨੀ ਤੋਂ ਐਤਵਾਰ ਨੂੰ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ’ਚ ਸ਼ਰਮਾ ਨੇ ਕਿਹਾ ਹੈ ਕਿ ਉਹ ਆਤਮ-ਸਨਮਾਨ ਨਾਲ ਸਮਝੌਤਾ ਨਹੀਂ ਕਰ ਸਕਦਾ ਹੈ, ਜਿਸ ਕਰਕੇ ਉਹ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਆਨੰਦ ਸ਼ਰਮਾ ਨੇ ਉਸ ਸਮੇਂ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਜਦੋਂ ਜੀ23 (ਕਾਂਗਰਸ ਦੇ ਨਾਰਾਜ਼ ਆਗੂਆਂ ਦਾ ਧੜਾ) ਦੇ ਇਕ ਹੋਰ ਚਰਚਿਤ ਆਗੂ ਗੁਲਾਮ ਨਬੀ ਆਜ਼ਾਦ ਨੇ ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ਦੀ ਪ੍ਰਚਾਰ ਕਮੇਟੀ ਦੀ ਚੇਅਰਮੈਨੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸ੍ਰੀ ਸ਼ਰਮਾ ਨੇ ਕਾਂਗਰਸ ਪ੍ਰਧਾਨ ਨੂੰ ਕਿਹਾ ਹੈ ਕਿ ਵਿਚਾਰ ਵਟਾਂਦਰੇ ਦੀ ਪ੍ਰਕਿਰਿਆ ਦੌਰਾਨ ਉਨ੍ਹਾਂ ਨੂੰ ਅਣਗੌਲਿਆ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਚਿੱਠੀ ’ਚ ਸ਼ਰਮਾ ਨੇ ਲਿਖਿਆ ਹੈ ਕਿ ਪਾਰਟੀ ਦੀ ਕਿਸੇ ਵੀ ਮੀਟਿੰਗ ’ਚ ਨਾ ਸੱਦਣ ਕਰਕੇ ਉਨ੍ਹਾਂ ਦੇ ਆਤਮ-ਸਨਮਾਨ ਨੂੰ ਠੇਸ ਪਹੁੰਚੀ ਹੈ। ਉਂਜ ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਹਿਮਾਚਲ ਪ੍ਰਦੇਸ਼ ’ਚ ਪਾਰਟੀ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਜਾਰੀ ਰਖਣਗੇ। ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ’ਚ ਕਾਂਗਰਸ ਦੇ ਉਪ ਆਗੂ ਆਨੰਦ ਸ਼ਰਮਾ ਨੂੰ 26 ਅਪਰੈਲ ਨੂੰ ਹਿਮਾਚਲ ਪ੍ਰਦੇਸ਼ ’ਚ ਸਟੀਅਰਿੰਗ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਸਾਲ 1982 ’ਚ ਸਭ ਤੋਂ ਪਹਿਲਾਂ ਵਿਧਾਨ ਸਭਾ ਚੋਣ ਲੜਨ ਵਾਲੇ ਆਨੰਦ ਸ਼ਰਮਾ ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1984 ’ਚ ਰਾਜ ਸਭਾ ਦੀ ਟਿਕਟ ਦਿੱਤੀ ਸੀ। ਉਸ ਤੋਂ ਬਾਅਦ ਉਹ ਲਗਾਤਾਰ ਰਾਜ ਸਭਾ ’ਚ ਹਨ ਅਤੇ ਪਾਰਟੀ ਦੇ ਕਈ ਅਹਿਮ ਅਹੁਦਿਆਂ ’ਤੇ ਤਾਇਨਾਤ ਰਹੇ। -ਪੀਟੀਆਈ