ਨਵੀਂ ਦਿੱਲੀ, 25 ਅਗਸਤ
ਕਾਰੋਬਾਰੀ ਅਨਿਲ ਅੰਬਾਨੀ ਮਾਰਕੀਟ ਰੈਗੂਲੇਟਰ ਸੇਬੀ ਵੱਲੋਂ ਫੰਡਾਂ ਦੀ ਕਥਿਤ ਹੇਰਾ-ਫੇਰੀ ਦੇ ਦੋਸ਼ ਹੇਠ ਉਨ੍ਹਾਂ ਨੂੰ ਜੁਰਮਾਨਾ ਲਾਉਣ ਤੇ ਸਕਿਉਰਿਟੀਜ਼ ਮਾਰਕੀਟ ’ਚੋਂ ਪੰਜ ਸਾਲ ਲਈ ਬਾਹਰ ਕਰਨ ਦੇ ਫ਼ੈਸਲੇ ’ਤੇ ਨਜ਼ਰਸਾਨੀ ਕਰ ਰਹੇ ਹਨ ਅਤੇ ਉਹ ਕਾਨੂੰਨੀ ਸਲਾਹ ਮੁਤਾਬਕ ਅਗਲਾ ਕਦਮ ਚੁੱਕਣਗੇ। ਉਨ੍ਹਾਂ ਦੇ ਤਰਜਮਾਨ ਨੇ ਅੱਜ ਇਹ ਜਾਣਕਾਰੀ ਦਿੱਤੀ।
ਤਰਜਮਾਨ ਨੇ ਬਿਆਨ ’ਚ ਆਖਿਆ ਕਿ ਰਿਲਾਇੰਸ ਹੋਮ ਫਾਇਨਾਂਸ ਲਿਮੀਟਿਡ ਨਾਲ ਸਬੰਧਤ ਇੱਕ ਮਾਮਲੇ ’ਚ ਸੇਬੀ ਦੇ 11 ਅਗਸਤ 2022 ਦੇ ਅੰਤਰਿਮ ਹੁਕਮ ਦੀ ਪਾਲਣਾ ਕਰਨ ਲਈ ਅੰਬਾਨੀ ਨੇ ਰਿਲਾਇੰਸ ਇਨਫਰਾਸਟਰੱਕਚਰ ਲਿਮੀਟਿਡ ਅਤੇ ਰਿਲਾਇੰਸ ਪਾਵਰ ਲਿਮੀਟਿਡ ਦੇ ਬੋਰਡ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬਿਆਨ ਮੁਤਾਬਕ ਉਹ ‘‘ਢਾਈ ਸਾਲਾਂ ਤੋਂ ਉਕਤ ਅੰਤਰਿਮ ਹੁਕਮ ਦੀ (11 ਫਰਵਰੀ 2022) ਦੀ ਪਾਲਣਾ ਕਰ ਰਹੇ ਹਨ।’’ ਸੇਬੀ ਨੇ ਇਹ 22 ਅਗਸਤ ਨੂੰ ਜਾਰੀ ਕੀਤੇ ਸਨ। ਤਰਜਮਾਨ ਨੇ ਕਿਹਾ, ‘‘ਅਨਿਲ ਅੰਬਾਨੀ ਉਕਤ ਮਾਮਲੇ ’ਚ ਸੇਬੀ ਵੱਲੋਂ ਜਾਰੀ 22 ਅਗਸਤ ਦੇ ਅੰਤਰਿਮ ਹੁਕਮਾਂ ਦੀ ਸਮੀਖਿਆ ਕਰ ਰਹੇ ਹਨ ਅਤੇ ਕਾਨੂੰਨੀ ਸਲਾਹ ਮੁਤਾਬਕ ਅਗਲਾ ਕਦਮ ਚੁੱਕਣਗੇ।’’ ਸੇਬੀ ਨੇ ਅੰਬਾਨੀ ’ਤੇ 25 ਕਰੋੜ ਰੁਪਏ ਦਾ ਜੁਰਮਾਨਾ ਵੀ ਲਾਇਆ ਸੀ ਅਤੇ ਆਖਿਆ ਸੀ ਕਿ ਉਨ੍ਹਾਂ ਨੇ ਰਿਲਾਇੰਸ ਹੋਮ ਫਾਇਨਾਂਸ ਤੋਂ ਧਨ ਦੀ ਹੇਰਾਫੇਰੀ ਕਰਨ ਦੀ ਯੋਜਨਾ ਬਣਾਈ ਸੀ। ਰਿਲਾਇੰਸ ਹੋਮ ਫਾਇਨਾਂਸ ਰਿਲਾਇੰਸ ਗਰੁੱਪ ਦੀ ਇੱਕ ਕੰਪਨੀ ਹੈ ਤੇ ਅੰਬਾਨੀ ਇਸ ਦੇ ਉਹ ਚੇਅਰਮੈਨ ਹਨ। ਇਸ ਦੌਰਾਨ ਮੁੰਬਈ ਦੀ ਸੂਚੀਬੱਧ ਰਿਲਾਇੰਸ ਇਨਫਰਾਸਟਰੱਕਚਰ ਲਿਮੀਟਿਡ ਨੇ ਵੱਖਰੇ ਬਿਆਨ ’ਚ ਕਿਹਾ ਕਿ ਉਹ ‘ਸੇਬੀ ਦੇ ਸਾਹਮਣੇ ਕਾਰਵਾਈ ’ਚ ਨੋਟਿਸ ਲੈਣ ਵਾਲੇ ਜਾਂ ਧਿਰ ਨਹੀਂ ਸਨ, ਜਿਸ ਵਿੱਚ ਹੁਕਮ ਦਿੱਤਾ ਗਿਆ। ਹੁਕਮ ’ਚ ਰਿਲਾਇੰਸ ਇਨਫਰਾਸਟਰੱਕਚਰ ਲਿਮੀਟਿਡ ਖ਼ਿਲਾਫ਼ ਕੋਈ ਨਿਰਦੇਸ਼ ਨਹੀਂ ਦਿੱਤਾ ਗਿਆ ਹੈ। ਇਸ ਲਈ ਸੇਬੀ ਵੱਲੋਂ ਪਾਸ 22 ਅਗਸਤ ਨੂੰ ਦਿੱਤੇ ਹੁਕਮਾਂ ਨਾਲ ਰਿਲਾਇੰਸ ਇਨਫਰਾਸਟਰੱਕਚਰ ਲਿਮੀਟਿਡ ਦੇ ਕਾਰੋਬਾਰ ਤੇ ਮਾਮਲਿਆਂ ’ਤੇ ਅਸਰ ਨਹੀਂ ਪਵੇਗਾ।’’ -ਪੀਟੀਆਈ