ਦੇਹਰਾਦੂਨ, 2 ਅਕਤੂਬਰ
ਅੰਕਿਤਾ ਭੰਡਾਰੀ ਕਤਲ ਕੇਸ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਸਬੰਧੀ ਉੱਤਰਾਖੰਡ ਕ੍ਰਾਂਤੀ ਦਲ ਵੱਲੋਂ ਅੱਜ ਦਿੱਤੇ ਗਏ ਸੂਬਾ ਬੰਦ ਦੇ ਸੱਦੇ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਇੱਥੋਂ ਦੇ ਮੁੱਖ ਬਾਜ਼ਾਰ ਵਿੱਚ ਕਈ ਦੁਕਾਨਾਂ ਬੰਦ ਰਹੀਆਂ ਜਦਕਿ ਕੁੱਝ ਦੁਕਾਨਾਂ ਆਮ ਵਾਂਗ ਕਾਰੋਬਾਰ ਲਈ ਖੁੱਲ੍ਹੀਆਂ ਰਹੀਆਂ।
ਇੱਕ ਮਹਿਲਾ ਪ੍ਰਦਰਸ਼ਨਕਾਰੀ ਨੇ ਕਿਹਾ, ‘‘ਇਹ ਕੋਈ ਸਿਆਸੀ ਲੜਾਈ ਨਹੀਂ ਹੈ। ਇਹ ਸਾਡੀਆਂ ਧੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੜਾਈ ਹੈ। ਇਸ ਕਰਕੇ ਸਾਰਿਆਂ ਨੂੰ ਇਸ ਬੰਦ ਦਾ ਸਮਰਥਨ ਕਰਨਾ ਚਾਹੀਦਾ ਹੈ।’’
ਭੰਡਾਰੀ ਦਾ ਗ੍ਰਹਿ ਜ਼ਿਲ੍ਹਾ ਪੌੜੀ ਪੂਰੀ ਤਰ੍ਹਾਂ ਬੰਦ ਰਿਹਾ। ਇੱਥੇ ਲਗਪਗ ਸਾਰੀਆਂ ਦੁਕਾਨਾਂ ਬੰਦ ਰਹੀਆਂ ਅਤੇ ਆਵਾਜਾਈ ਵੀ ਨਾਮਾਤਰ ਰਹੀ। ਕੋਟਦੁਆਰ ਅਤੇ ਸ੍ਰੀਨਗਰ ਦੇ ਬਾਜ਼ਾਰਾਂ ਵਿੱਚ ਵੀ ਸੁੰਨ ਪੱਸਰੀ ਰਹੀ। ਸਰਹੱਦੀ ਜ਼ਿਲ੍ਹੇ ਚਮੋਲੀ ਵਿਚ ਟੈਕਸੀਆਂ ਪੂਰੀ ਤਰ੍ਹਾਂ ਬੰਦ ਰਹੀਆਂ। ਸਿਰਫ਼ ਰੋਡਵੇਜ਼ ਦੀਆਂ ਬੱਸਾਂ ਅਤੇ ਸ਼ਰਧਾਲੂਆਂ ਨੂੰ ਬਦਰੀਨਾਥ ਅਤੇ ਕੇਦਾਰਨਾਥ ਲਿਜਾਣ ਲਈ ਲੱਗੀਆਂ ਬੱਸਾਂ ਚੱਲਦੀਆਂ ਵੇਖੀਆਂ ਗਈਆਂ। ਜ਼ਿਕਰਯੋਗ ਹੈ ਕਿ ਪੌੜੀ ਜ਼ਿਲ੍ਹੇ ਦੇ ਯਮਕੇਸ਼ਵਰ ਬਲਾਕ ਦੇ ਇੱਕ ਰਿਜ਼ੌਰਟ ਦੀ ਰਿਸੈਪਸਨਿਸ਼ਟ ਅੰਕਿਤਾ ਭੰਡਾਰੀ (19) ਦੀ ਰਿਜ਼ੌਰਟ ਮਾਲਕ ਅਤੇ ਉਸ ਦੇ ਦੋ ਸਾਥੀਆਂ ਵੱਲੋਂ ਕਥਿਤ ਹੱਤਿਆ ਕਰ ਦਿੱਤੀ ਗਈ ਸੀ। ਵੱਖਰੇ ਰਾਜ ਲਈ ਅੰਦੋਲਨ ਦੀ ਅਗਵਾਈ ਕਰਨ ਵਾਲੇ ਉੱਤਰਾਖੰਡ ਕ੍ਰਾਂਤੀ ਦਲ ਦੇ ਕੇਂਦਰੀ ਪ੍ਰਧਾਨ ਕਾਸ਼ੀ ਸਿੰਘ ਐਰੀ ਨੇ ਕਿਹਾ ਕਿ ਜਿਸ ਤਰੀਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਪੁਲੀਸ ਪ੍ਰਭਾਵਸ਼ਾਲੀ ਲੋਕਾਂ ਨੂੰ ਬਚਾਉਣ ਲਈ ਦਬਾਅ ਹੇਠ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਚਾਈ ਸਾਹਮਣੇ ਲਿਆਉਣ ਲਈ ਸੀਬੀਆਈ ਜਾਂਚ ਜ਼ਰੂਰੀ ਹੈ। -ਪੀਟੀਆਈ