ਸ੍ਰੀਨਗਰ (ਉੱਤਰਾਖੰਡ), 25 ਸਤੰਬਰ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਮਝਾਉਣ ਅਤੇ ਕਤਲ ਕੇਸ ਵਿੱਚ ਸਖਤ ਕਾਰਵਾਈ ਕੀਤੇ ਜਾਣ ਦੇ ਦਿੱਤੇ ਭਰੋਸੇ ਮਗਰੋਂ ਅੱਜ ਅੰਕਿਤਾ ਭੰਡਾਰੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ। ਅੰਕਿਤਾ ਦੀ ਮੁੱਢਲੀ ਪੋਸਟਮਾਰਟਮ ਰਿਪੋਰਟ ਅਨੁਸਾਰ ਉਸ ਦੀ ਮੌਤ ਡੁੱਬਣ ਕਾਰਨ ਹੋਈ ਹੈ।
ਜਾਣਕਾਰੀ ਅਨੁਸਾਰ ਅੰਕਿਤਾ ਭੰਡਾਰੀ ਦੀ ਦੇਹ ਇੱਥੇ ਐੱਨਆਈਟੀ ਘਾਟ ਲਿਆਂਦੀ ਗਈ ਜਿੱਥੇ ਪਰਿਵਾਰਕ ਮੈਂਬਰਾਂ ਤੇ ਹੋਰ ਵੱਡੀ ਗਿਣਤੀ ਲੋਕਾਂ ਦੀ ਹਾਜ਼ਰੀ ’ਚ ਉਸ ਦਾ ਸਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਪੋਸਟਮਾਰਟਮ ਦੀ ਆਖਰੀ ਰਿਪੋਰਟ ਮਿਲਣ ਤੱਕ ਅੰਕਿਤਾ ਦਾ ਸਸਕਾਰ ਨਾ ਕਰਨ ਦਾ ਫ਼ੈਸਲਾ ਕੀਤਾ ਸੀ। ਬਾਅਦ ਵਿੱਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੇ ਸਥਾਨਕ ਪ੍ਰਸ਼ਾਸਨ ਦੀਆਂ ਅਪੀਲਾਂ ਤੋਂ ਬਾਅਦ ਉਨ੍ਹਾਂ ਸਸਕਾਰ ਦਾ ਫ਼ੈਸਲਾ ਕੀਤਾ। ਧਾਮੀ ਨੇ ਭਰੋਸਾ ਦਿੱਤਾ ਕਿ ਇਸ ਕੇਸ ਦੀ ਕਾਰਵਾਈ ਫਾਸਟ ਟਰੈਕ ਕੋਰਟ ਤੋਂ ਕਰਵਾਈ ਜਾਵੇਗੀ ਤੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਦਿਨੇਂ ਅੰਕਿਤਾ ਭੰਡਾਰੀ ਦੇ ਪਰਿਵਾਰਕ ਮੈਂਬਰਾਂ ਨੇ ਪੋਸਟਮਾਰਟਮ ਦੀ ਆਖਰੀ ਰਿਪੋਰਟ ਮਿਲਣ ਤੱਕ ਲੜਕੀ ਦਾ ਸਸਕਾਰ ਨਾ ਕਰਨ ਦਾ ਫ਼ੈਸਲਾ ਕੀਤਾ ਸੀ। ਹਾਲਾਂਕਿ ਪਹਿਲੀ ਰਿਪੋਰਟ ’ਚ ਸਾਹਮਣੇ ਆਇਆ ਹੈ ਕਿ ਲੜਕੀ ਦੀ ਮੌਤ ਡੁੱਬਣ ਕਾਰਨ ਹੋਈ ਹੈ।
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਸ), ਰਿਸ਼ੀਕੇਸ਼ ਵੱਲੋਂ ਜਾਰੀ ਕੀਤੀ ਗਈ ਖਰੜਾ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਅੰਕਿਤਾ ਭੰਡਾਰੀ ਲਾਸ਼ ’ਤੇ ਮੌਤ ਤੋਂ ਪਹਿਲਾਂ ਸੱਟ ਦੇ ਨਿਸ਼ਾਨ ਮਿਲੇ ਹਨ। ਇਸ ਤੋਂ ਸੰਕੇਤ ਮਿਲਦੇ ਹਨ ਕਿ ਉਸ ਨੂੰ ਕਿਸੇ ਤੇਜ਼ਧਾਰ ਹਥਿਆਰ ਨਾਲ ਸੱਟਾਂ ਮਾਰੀਆਂ ਗਈਆਂ ਹਨ। ਹਾਲਾਂਕਿ ਮੁੱਢਲੀ ਰਿਪੋਰਟ ਅਨੁਸਾਰ ਅੰਕਿਤਾ ਦੀ ਮੌਤ ਡੁੱਬਣ ਕਾਰਨ ਹੋਈ ਹੈ। ਏਮਸ ਦੇ ਚਾਰ ਡਾਕਟਰਾਂ ਦੀ ਟੀਮ ਨੇ ਬੀਤੇ ਦਿਨ ਅੰਕਿਤਾ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਸੀ। ਖਰੜਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਆਖਰੀ ਰਿਪੋਰਟ ’ਚ ਜ਼ਖ਼ਮਾਂ ਬਾਰੇ ਤੇ ਹੋਰ ਜਾਣਕਾਰੀ ਦਿੱਤੀ ਜਾਵੇਗੀ। ਅੰਕਿਤਾ ਦੇ ਪਿਤਾ ਤੇ ਭਰਾ ਨੇ ਕਿਹਾ ਸੀ ਕਿ ਜਦੋਂ ਤੱਕ ਪੋਸਟਮਾਰਟਮ ਦੀ ਆਖਰੀ ਰਿਪੋਰਟ ਨਹੀਂ ਆਵੇਗੀ ਉਹ ਅੰਕਿਤਾ ਦਾ ਸਸਕਾਰ ਨਹੀਂ ਕਰਨਗੇ। ਅੰਕਿਤਾ ਦੇ ਪਿਤਾ ਵਿਰੇਂਦਰ ਸਿੰਘ ਭੰਡਾਰੀ ਨੇ ਕਿਹਾ, ‘ਮੈਂ ਪੋਸਟਮਾਰਟਮ ਦੀ ਮੁੱਢਲੀ ਰਿਪੋਰਟ ਤੋਂ ਸੰਤੁਸ਼ਟ ਨਹੀਂ ਹਾਂ। ਜਦੋਂ ਤੱਕ ਆਖਰੀ ਰਿਪੋਰਟ ਨਹੀਂ ਆ ਜਾਂਦੀ ਉਸ ਦਾ ਸਸਕਾਰ ਨਹੀਂ ਕੀਤਾ ਜਾਵੇਗਾ।’ ਅੰਕਿਤਾ ਦੇ ਭਰਾ ਅਜੈ ਸਿੰਘ ਭੰਡਾਰੀ ਨੇ ਕਿਹਾ ਕਿ ਮੁੱਢਲੀ ਰਿਪੋਰਟ ’ਚ ਵੇਰਵੇ ਨਹੀਂ ਦਿੱਤੇ ਗਏ। ਉਸ ਨੇ ਕਿਹਾ ਕਿ ਜਿਸ ਰਿਜ਼ੌਰਟ ’ਚ ਅੰਕਿਤਾ ਕੰਮ ਕਰਦੀ ਸੀ, ਉੱਥੇ ਕੀਤੀ ਜਾ ਰਹੀ ਭੰਨ-ਤੋੜ ਦੀ ਕਾਰਵਾਈ ਸਬੂਤ ਮਿਟਾਉਣ ਦੀ ਕੋਸ਼ਿਸ਼ ਹੈ। ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ ਨੇ ਕਿਹਾ ਕਿ ਅੰਕਿਤਾ ਦੇ ਵੱਟਸਐਪ ਤੋਂ ਹੋਈ ਚੈਟ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ/ਆਈਏਐੱਨਐੱਸ
ਧਾਮੀ ਵੱਲੋਂ ਰਾਜਪਾਲ ਨਾਲ ਮੁਲਾਕਾਤ
ਦੇਹਰਾਦੂਨ: ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਇੱਥੇ ਰਾਜ ਭਵਨ ’ਚ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅੰਤਿਕਾ ਭੰਡਾਰੀ ਕੇਸ ’ਚ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੱਤੀ। ਰਾਜ ਭਵਨ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਿਸੇ ਵੀ ਹਾਲ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਬਿਆਨ ਅਨੁਸਾਰ ਰਾਜਪਾਲ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਰਾਜਪਾਲ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਧਾਮੀ ਨੇ ਸੂਬੇ ’ਚ ਅਮਨ ਕਾਨੂੰਨ ਦੀ ਸਥਿਤੀ ਅਤੇ ਵਿਧਾਨ ਸਭਾ ’ਚ ਨਿਯੁਕਤੀਆਂ ’ਚ ਬੇਨਿਯਮੀਆਂ ਦੇ ਮਾਮਲੇ ’ਚ ਕੀਤੀ ਗਈ ਕਾਰਵਾਈ ਬਾਰੇ ਚਰਚਾ ਕੀਤੀ। -ਏਐੱਨਆਈ
ਲੋਕਾਂ ਵੱਲੋਂ ਬਦਰੀਨਾਥ-ਰਿਸ਼ੀਕੇਸ਼ ਮਾਰਗ ਜਾਮ
ਸ੍ਰੀਨਗਰ (ਉੱਤਰਾਖੰਡ): ਅੰਕਿਤਾ ਭੰਡਾਰੀ ਕਤਲ ਕੇਸ ਵਿੱਚ ਰੋਹ ’ਚ ਆਏ ਸਥਾਨਕ ਲੋਕਾਂ ਨੇ ਇੱਥੋਂ ਦੇ ਹਸਪਤਾਲ ਦੇ ਬਾਹਰ ਬਦਰੀਨਾਥ-ਰਿਸ਼ੀਕੇਸ਼ ਹਾਈਵੇਅ ਜਾਮ ਕਰ ਦਿੱਤਾ। ਇਸ ਹਸਪਤਾਲ ਵਿੱਚ ਹੀ ਅੰਕਿਤਾ ਦੀ ਦੇਹ ਰੱਖ ਗਈ ਹੈ। ਲੋਕਾਂ ਵੱਲੋਂ ਅੰਕਿਤਾ ਦੀ ਪੋਸਟਮਾਰਟਮ ਰਿਪੋਰਟ ਤੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅੰਕਿਤਾ ਦੇ ਕਤਲ ਦੀ ਘਟਨਾ ਦੇ ਰੋਸ ਵਜੋਂ ਅੱਜ ਲੋਕਾਂ ਵੱਲੋਂ ਸਥਾਨਕ ਬਾਜ਼ਾਰ ਬੰਦ ਰਹੇ ਤੇ ਸ੍ਰੀਨਗਰ ਦੇ ਕਾਰੋਬਾਰੀਆਂ ਨੇ ਆਪਣੇ ਅਦਾਰੇ ਪੂਰੀ ਤਰ੍ਹਾਂ ਬੰਦ ਰੱਖੇ। -ਏਐੱਨਆਈ
ਕੇਸ ਨੂੰ ਗੰਭੀਰਤਾ ਨਾਲ ਲਵੇ ਉੱਤਰਾਖੰਡ ਸਰਕਾਰ: ਪ੍ਰਿਯੰਕਾ
ਨਵੀਂ ਦਿੱਲੀ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਅੰਕਿਤਾ ਭੰਡਾਰੀ ਕਤਲ ਕੇਸ ’ਚ ਉੱਤਰਾਖੰਡ ਸਰਕਾਰ ਨੂੰ ਗੰਭੀਰਤਾ ਦੇ ਸੰਵੇਦਨਸ਼ੀਲਤਾ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਕੇਸ ਫਾਸਟ ਟਰੈਕ ਕੋਰਟ ’ਚ ਚਲਾਇਆ ਜਾਣਾ ਚਾਹੀਦਾ ਹੈ। ਪ੍ਰਿਯੰਕਾ ਨੇ ਟਵੀਟ ਕੀਤਾ, ‘ਉੱਤਰਾਖੰਡ ’ਚ ਅੰਕਿਤਾ ਨਾਲ ਦਿਲ ਕੰਬਾਊ ਘਟਨਾ ਵਾਪਰੀ ਹੈ। ਪਰ ਇੰਨੀ ਵੱਡੀ ਘਟਨਾ ਹੋਣ ਦੇ ਬਾਵਜੂਦ ਪ੍ਰਸ਼ਾਸਨ ਸਿਰਫ਼ ਕੁਝ ਹੀ ਕਾਰਵਾਈ ਕਰਨ ਤੱਕ ਸੀਮਤ ਹੈ।’ ਉਨ੍ਹਾਂ ਮੰਗ ਕੀਤੀ ਕਿ ਇਸ ਕੇਸ ’ਚ ਅਣਗਹਿਲੀ ਵਰਤਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। -ਪੀਟੀਆਈ