* ਝਾਰਖੰਡ ਦੀਆਂ 81 ਸੀਟਾਂ ਲਈ ਦੋ ਪੜਾਵਾਂ ’ਚ 13 ਤੇ 20 ਨਵੰਬਰ ਨੂੰ ਹੋਵੇਗੀ ਪੋਲਿੰਗ
* ਨਤੀਜਿਆਂ ਦਾ ਐਲਾਨ 23 ਨਵੰਬਰ ਨੂੰ
* 47 ਅਸੈਂਬਲੀ ਸੀਟਾਂ ਤੇ ਵਾਇਨਾਡ ਸੀਟ ਲਈ ਜ਼ਿਮਨੀ ਚੋਣ 13 ਨਵੰਬਰ ਨੂੰ
ਨਵੀਂ ਦਿੱਲੀ, 15 ਅਕਤੂਬਰ
ਭਾਰਤੀ ਚੋਣ ਕਮਿਸ਼ਨ ਨੇ ਮਹਾਰਾਸ਼ਟਰ ਤੇ ਝਾਰਖੰਡ ਦੀਆਂ ਅਸੈਂਬਲੀ ਚੋਣਾਂ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਮਹਾਰਾਸ਼ਟਰ ਵਿਚ ਇਕਹਿਰੇ ਗੇੜ ਤਹਿਤ 20 ਨਵੰਬਰ ਨੂੰ ਵੋਟਾਂ ਪੈਣਗੀਆਂ, ਜਦੋਂਕਿ ਝਾਰਖੰਡ ਵਿਚ 13 ਨਵੰਬਰ ਤੇ 20 ਨਵੰਬਰ ਨੂੰ ਦੋ ਪੜਾਵਾਂ ਵਿਚ ਪੋਲਿੰਗ ਹੋਵੇਗੀ। ਦੋਵਾਂ ਰਾਜਾਂ ਲਈ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਕੀਤੀ ਜਾਵੇਗੀ। ਚੋਣਾਂ ਦੇ ਐਲਾਨ ਨਾਲ ਦੋਵਾਂ ਰਾਜਾਂ ਵਿਚ ਆਦਰਸ਼ ਚੋਣ ਜ਼ਾਬਤਾ ਫੌਰੀ ਲਾਗੂ ਹੋ ਗਿਆ ਹੈ।
ਚੋਣ ਕਮਿਸ਼ਨ ਨੇ ਵੱਖ ਵੱਖ ਰਾਜਾਂ ਦੀਆਂ 48 ਅਸੈਂਬਲੀ ਸੀਟਾਂ ਤੇ ਲੋਕ ਸਭਾ ਦੀਆਂ ਦੋ ਸੀਟਾਂ ਲਈ ਵੀ ਜ਼ਿਮਨੀ ਚੋਣਾਂ ਦਾ ਪ੍ਰੋਗਰਾਮ ਐਲਾਨ ਦਿੱਤਾ ਹੈ। ਇਨ੍ਹਾਂ 48 ਅਸੈਂਬਲੀ ਸੀਟਾਂ ਵਿਚ ਪੰਜਾਬ ਦੀਆਂ ਚਾਰ ਸੀਟਾਂ- ਬਰਨਾਲਾ, ਗਿੱਦੜਬਾਹਾ, ਚੱਬੇਵਾਲ (ਐੈੱਸਸੀ) ਤੇ ਡੇਰਾ ਬਾਬਾ ਨਾਨਕ ਵੀ ਸ਼ਾਮਲ ਹਨ। 47 ਅਸੈਂਬਲੀ ਹਲਕਿਆਂ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਖਾਲੀ ਕੀਤੀ ਵਾਇਨਾਡ ਸੰਸਦੀ ਸੀਟ ਲਈ ਪੋਲਿੰਗ 13 ਨਵੰਬਰ ਨੂੰ ਹੋਵੇਗੀ। ਉੱਤਰਾਖੰਡ ਦੀ ਕੇਦਾਰਨਾਥ ਅਸੈਂਬਲੀ ਸੀਟ ਤੇ ਮਹਾਰਾਸ਼ਟਰ ਵਿਚ ਨਾਂਦੇੜ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ 20 ਨਵੰਬਰ ਨੂੰ ਕਰਵਾਈ ਜਾਵੇਗੀ। ਪੱਛਮੀ ਬੰਗਾਲ ਦੀ ਬਸ਼ੀਰਹਾਟ ਲੋਕ ਸਭਾ ਸੀਟ ਤੇ ਉੱਤਰ ਪ੍ਰਦੇਸ਼ ਦੀ ਮਿਲਕੀਪੁਰ ਸੀਟ ਲਈ ਚੋਣ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ ਕਿਉਂਕਿ ਇਨ੍ਹਾਂ ਦੋਵਾਂ ਸੀਟਾਂ ਲਈ ਦਾਇਰ ਚੋਣ ਪਟੀਸ਼ਨਾਂ ’ਤੇ ਸੁਣਵਾਈ ਬਕਾਇਆ ਹੈ।
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਮਹਾਰਾਸ਼ਟਰ ਵਿਚ ਕੁੱਲ 9.63 ਕਰੋੜ ਯੋਗ ਵੋਟਰ ਹਨ ਜਦੋਂਕਿ ਝਾਰਖੰਡ ਵਿਚ ਯੋਗ ਵੋਟਰਾਂ ਦੀ ਗਿਣਤੀ 2.6 ਕਰੋੜ ਹੈ।’’ ਕੁਮਾਰ ਨੇ ਕਿਹਾ ਕਿ ਵੋਟਿੰਗ ਨੂੰ ਲੈ ਕੇ ਸ਼ਹਿਰੀ ਉਦਾਸੀਨਤਾ ਦੀ ਮੁਸ਼ਕਲ ਨਾਲ ਸਿੱਝਣ ਲਈ ਦੋਵਾਂ ਰਾਜਾਂ ਵਿਚ ਵੋਟਿੰਗ ਲਈ ਬੁੱਧਵਾਰ ਦਾ ਦਿਨ ਰੱਖਿਆ ਗਿਆ ਹੈ। ਕੁਮਾਰ ਨੇ ਵੋਟਾਂ ਦੀ ਗਿਣਤੀ ਵਾਲੇ ਦਿਨ ਕੁਝ ਨਿਊਜ਼ ਚੈਨਲਾਂ ਵੱਲੋਂ ਮੁੱਢਲੇ ਰੁਝਾਨ ਦਿਖਾਏ ਜਾਣ ਨੂੰ ‘ਬਕਵਾਸ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਐਗਜ਼ਿਟ ਪੋਲਾਂ ਦਾ ਪ੍ਰਬੰਧ ਨਹੀਂ ਦੇਖ ਸਕਦਾ, ਪਰ ਮੀਡੀਆ ਖਾਸ ਕਰਕੇ ਇਲੈਕਟ੍ਰਾਨਿਕ ਮੀਡੀਆ ਨੂੰ ਐਗਜ਼ਿਟ ਪੋਲਾਂ ਬਾਰੇ ਸਵੈ-ਪੜਚੋਲ ਦੀ ਲੋੜ ਹੈ।
ਮਹਾਰਾਸ਼ਟਰ ਵਿਚ ਭਾਜਪਾ ਆਪਣੇ ਭਾਈਵਾਲਾਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਵਾਲੇ ਐੱਨਸੀਪੀ ਧੜੇ ਨਾਲ ਸੱਤਾ ਵਿਚ ਵਾਪਸੀ ਲਈ ਪੱਬਾਂ ਭਾਰ ਹੈ। ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗੱਠਜੋੜ ਨੂੰ ਕਾਂਗਰਸ-ਐੱਨਸੀਪੀ(ਸ਼ਰਦ ਪਵਾਰ)-ਸ਼ਿਵ ਸੈਨਾ(ਯੂਬੀਟੀ) ਗੱਠਜੋੜ ਤੋਂ ਤਕੜੀ ਟੱਕਰ ਮਿਲਣ ਦੀ ਸੰਭਾਵਨਾ ਹੈ। ਵਿਰੋਧੀ ਐੱਮਵੀਏ ਗੱਠਜੋੜ ਨੇ ਹਾਲੀਆ ਲੋਕ ਸਭਾ ਚੋਣਾਂ ਵਿਚ ਮਹਾਰਾਸ਼ਟਰ ਦੀਆਂ 48 ਵਿਚੋਂ 31 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਝਾਰਖੰਡ ਵਿਚ ਕਾਂਗਰਸ ਤੇ ਝਾਰਖੰਡ ਮੁਕਤੀ ਮੋਰਚਾ ਮੁੜ ਸਰਕਾਰ ਬਣਾਉਣ ਦੀ ਦੌੜ ’ਚ ਹਨ। -ਪੀਟੀਆਈ
ਚੋਣਾਂ ਦਾ ਐਲਾਨ ਪਹਿਲਾਂ ਹੋਣਾ ਚਾਹੀਦਾ ਸੀ: ਵਿਰੋਧੀ ਧਿਰਾਂ
ਮੁੰਬਈ:
ਮਹਾਰਾਸ਼ਟਰ ਵਿਚ ਐੱਮਵੀਏ ਗੱਠਜੋੜ ਵਿਚ ਸ਼ਾਮਲ ਪਾਰਟੀਆਂ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਸੂਬੇ ਵਿਚ ਚੋਣਾਂ ਦਾ ਐਲਾਨ ਪਹਿਲਾਂ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਲਈ ਬਹੁਤ ਘੱਟ ਸਮਾਂ ਮਿਲੇਗਾ ਕਿਉਂਕਿ ਸੂਬੇ ਵਿਚ ਅਸੈਂਬਲੀ ਚੋਣਾਂ ਨੂੰ ਸਿਰੇ ਚਾੜ੍ਹਨ ਲਈ 35 ਦਿਨਾਂ ਦਾ ਅਰਸਾ ਨਿਰਧਾਰਿਤ ਕੀਤਾ ਗਿਆ ਹੈ, ਜੋ ਆਮ ਨਾਲੋਂ ਬਹੁਤ ਘੱਟ ਹੈ। ਵਿਰੋਧੀ ਪਾਰਟੀਆਂ ਨੇ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਨੇ ਏਕਨਾਥ ਸ਼ਿੰਦੇ ਸਰਕਾਰ ਨੂੰ ਸੂੁਬੇ ਵਿਚ ਵੱਖ ਵੱਖ ਸਕੀਮਾਂ ਦਾ ਐਲਾਨ ਕਰਨ ਲਈ ਵਾਧੂ ਸਮਾਂ ਦਿੱਤਾ। -ਪੀਟੀਆਈ
‘ਕੁਛ ਤੋਂ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਨਾ’
ਨਵੀਂ ਦਿੱਲੀ:
ਹਰਿਆਣਾ ਦੀਆਂ ਹਾਲੀਆ ਅਸੈਂਬਲੀ ਚੋਣਾਂ ਵਿਚ ਚੋਣ ਅਮਲ ਵਿਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਚੋਣ ਕਮਿਸ਼ਨ ਦੀ ਹੋ ਰਹੀ ਨੁਕਤਾਚੀਨੀ ਬਾਰੇ ਪੁੱਛਣ ’ਤੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ, ‘‘ਕੁਛ ਤੋ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਨਾ।’’ ਉਨ੍ਹਾਂ ਕਿਹਾ, ‘‘ਚੋਣ ਦਰ ਚੋਣ ਇਸ ਅਮਲ ਵਿਚ ਲੋਕਾਂ ਦੀ ਸ਼ਮੂਲੀਅਤ ਵਧੀ ਹੈ, ਹਿੰਸਾ ਘਟੀ ਹੈ ਤੇ ਅਸੀਂ ਰਿਕਾਰਡ ਨਗ਼ਦੀ ਤੇ ਹੋਰ ਸਾਮਾਨ ਜ਼ਬਤ ਕੀਤਾ ਹੈ। ਵੋਟਰਾਂ ਨੇ ਸਪਸ਼ਟ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਨੂੰ ਚੋਣ ਅਮਲ ਵਿਚ ਵਿਸ਼ਵਾਸ ਹੈ…ਮੈਂ ਤਾਂ ਸਿਰਫ਼ ਇਹੀ ਕਹਿ ਸਕਦਾਂ ਕੁਛ ਤੋ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਨਾ।’’ -ਪੀਟੀਆਈ