ਨਵੀਂ ਦਿੱਲੀ, 2 ਸਤੰਬਰ
ਜਸਟਿਸ ਅਰੁਣ ਮਿਸ਼ਰਾ ਦੀ ਵਿਦਾਇਗੀ ਪਾਰਟੀ ਦੌਰਾਨ ਕਥਿਤ ਬੋਲਣ ਦਾ ਮੌਕਾ ਨਾ ਦਿੱਤੇ ਜਾਣ ਤੋਂ ਨਿਰਾਸ਼ ਸੀਨੀਅਰ ਵਕੀਲ ਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸਸੀਬੀਏ) ਦੇ ਪ੍ਰਧਾਨ ਦੁਸ਼ਯੰਤ ਦਵੇ ਨੇ ਚੀਫ਼ ਜਸਟਿਸ ਨੂੰ ਇਕ ਪੱਤਰ ਲਿਖ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਦਵੇ ਨੇ ਚੀਫ਼ ਜਸਟਿਸ ਐੱਸ.ਏ.ਬੋਬੜੇ ਨੂੰ ਲਿਖੇ ਪੱਤਰ ਵਿੱਚ ਮਾਯੂਸੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਹੁਣ ਸਿਖਰਲੀ ਅਦਾਲਤ ਵੱਲੋਂ ਵਿਉਂਤੇ ਜਾਣ ਵਾਲੇ ਕਿਸੇ ਵੀ ਸਮਾਗਮ ’ਚ ਸ਼ਾਮਲ ਨਹੀਂ ਹੋਣਗੇ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਦਵੇ ਦੇ ਅਹੁਦੇ ਦੀ ਮਿਆਦ ਦਸੰਬਰ ਵਿੱਚ ਖ਼ਤਮ ਹੋਣੀ ਹੈ। ਦਵੇ ਨੇ ਕਿਹਾ, ‘ਮੈਂ ਇਹ ਗੱਲ ਮੰਨਦਾ ਹਾਂ ਕਿ ਸੁਪਰੀਮ ਕੋਰਟ ਹੁਣ ਉਸ ਪੱਧਰ ’ਤੇ ਹੈ, ਜਿੱਥੇ ਜੱਜ ਬਾਰ ਤੋਂ ਡਰਦੇ ਹਨ। ਕ੍ਰਿਪਾ ਕਰਕੇ ਯਾਦ ਰੱਖਣਾ, ਜੱਜ ਆਉਂਦੇ ਜਾਂਦੇ ਰਹਿਣਗੇ, ਪਰ ਬਾਰ ਹਮੇਸ਼ਾ ਉਥੇ ਹੀ ਰਹੇਗੀ। ਅਸੀਂ ਇਸ ਮਹਾਨ ਸੰਸਥਾ ਦੀ ਅਸਲ ਤਾਕਤ ਹਾਂ, ਕਿਉਂਕਿ ਅਸੀਂ ਸਥਾਈ ਹਾਂ।’ -ਪੀਟੀਆਈ