ਬੰਗਲੂਰੂ, 25 ਜੂਨ
ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਖ਼ਿਲਾਫ਼ ਜਿਨਸੀ ਸ਼ੋਸ਼ਣ, ਪਿੱਛਾ ਕਰਨ ਤੇ ਅਪਰਾਧਕ ਧਮਕੀ ਦੇਣ ਦੇ ਦੋਸ਼ਾਂ ਹੇਠ ਇੱਕ ਹੋਰ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਉਸ ਦੇ ਨਾਲ ਭਾਜਪਾ ਦੇ ਸਾਬਕਾ ਵਿਧਾਇਕ ਪ੍ਰੀਤਮ ਗੌੜਾ ਸਣੇ ਤਿੰਨ ਹੋਰਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ’ਤੇ ਉਹ ਤਸਵੀਰਾਂ ਸਾਂਝੀਆਂ ਕਰਨ ਦਾ ਦੋਸ਼ ਹੈ ਜਿਹੜੀਆਂ ਪ੍ਰਜਵਲ ਵੱਲੋਂ ਵੀਡੀਓ ਕਾਲ ’ਤੇ ਪੀੜਤ ਦੇ ਜਿਨਸੀ ਸ਼ੋਸ਼ਣ ਦੌਰਾਨ ਲਈਆਂ ਗਈਆਂ ਸਨ। ਪ੍ਰਜਵਲ ਖ਼ਿਲਾਫ਼ ਦਰਜ ਕੀਤੀ ਗਈ ਇਹ ਚੌਥੀ ਐੱਫਆਈਆਰ ਹੈ। ਪੁਲੀਸ ਦੇ ਇੱਕ ਸੂਤਰ ਨੇ ਪੁਸ਼ਟੀ ਕੀਤੀ, ‘‘ਸਿਟ ਵੱਲੋਂ ਪ੍ਰਜਵਲ ਤੇ ਤਿੰਨ ਹੋਰਨਾਂ ਖ਼ਿਲਾਫ਼ ਇੱਕ ਨਵਾਂ ਕੇਸ ਦਰਜ ਕੀਤਾ ਗਿਆ।’’ ਇਸੇ ਦੌਰਾਨ ਇੱਥੋਂ ਦੀ ਇੱਕ ਅਦਾਲਤ ਨੇ ਪ੍ਰਜਵਲ ਰੇਵੰਨਾ ਨੂੰ ਫਿਰ ਚਾਰ ਦਿਨਾਂ ਲਈ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਹੈ। -ਪੀਟੀਆਈ