ਸ਼ਿਮਲਾ, 31 ਅਕਤੂਬਰ
ਹਿਮਾਚਲ ਪ੍ਰਦੇਸ਼ ਵਿਚ ਇਕ ਬੈਲਜੀਅਨ ਪੈਰਾਗਲਾਈਡਰ ਦੀ ਮੌਤ ਤੋਂ ਇਕ ਦਿਨ ਬਾਅਦ ਚੈੱਕ ਗਣਰਾਜ ਦੀ ਇਕ ਹੋਰ ਪੈਰਾਗਲਾਈਡਰ ਮਨਾਲੀ ਵਿਚ ਪਹਾੜੀ ਨਾਲ ਟਕਰਾਉਣ ਕਾਰਨ ਮਾਰੀ ਗਈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਬੀੜ-ਬਿਲਿੰਗ ਵਿੱਚ 2 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਪੈਰਾਗਲਾਈਡਿੰਗ ਵਿਸ਼ਵ ਕੱਪ 2024 ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਦੋ ਦਿਨਾਂ ਵਿੱਚ ਦੋ ਪੈਰਾਗਲਾਈਡਰਾਂ ਦੀ ਮੌਤ ਹੋ ਗਈ ਹੈ।
ਮ੍ਰਿਤਕ ਪੈਰਾਗਲਾਈਡਰ ਦੀ ਪਛਾਣ ਚੈੱਕ ਗਣਰਾਜ ਦੀ 43 ਸਾਲਾ ਦੀਟਾ ਮਿਸੁਰਕੋਵਾ (Dita Misurcova) ਵਜੋਂ ਹੋਈ ਹੈ, ਜੋ ਮਨਾਲੀ ਦੇ ਮੜ੍ਹੀ ਨੇੜੇ ਪਹਾੜਾਂ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਤੇਜ਼ ਹਵਾਵਾਂ ਕਾਰਨ ਉਹ ਗਲਾਈਡਰ ਤੋਂ ਕੰਟਰੋਲ ਗੁਆ ਬੈਠੀ। ਇਹ ਘਟਨਾ ਬੁੱਧਵਾਰ ਨੂੰ ਵਾਪਰੀ।
ਅਧਿਕਾਰੀਆਂ ਨੇ ਦੱਸਿਆ ਕਿ ਪੈਰਾਗਲਾਈਡਰ ਨੂੰ ਤੁਰੰਤ ਮਨਾਲੀ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇੱਕ ਤਜਰਬੇਕਾਰ ਪੈਰਾਗਲਾਈਡਰ, ਮਿਸੁਰਕੋਵਾ ਪਿਛਲੇ ਛੇ ਸਾਲਾਂ ਤੋਂ ਪੈਰਾਗਲਾਈਡਿੰਗ ਕਰ ਰਹੀ ਸੀ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬੈਲਜੀਅਮ ਦਾ ਇਕ ਪੈਰਾਗਲਾਈਡਰ ਬੀੜ-ਬਿਲਿੰਗ ਵਿੱਚ ਇੱਕ ਹੋਰ ਪੈਰਾਗਲਾਈਡਰ ਨਾਲ ਅੱਧ-ਅਸਮਾਨ ਵਿੱਚ ਟਕਰਾਉਣ ਤੋਂ ਬਾਅਦ ਮਾਰਿਆ ਗਿਆ ਕਿਉਂਕਿ ਉਸ ਦਾ ਪੈਰਾਸ਼ੂਟ ਵੇਲੇ ਸਿਰ ਨਹੀਂ ਖੁਲ੍ਹਿਆ।
ਮੰਗਲਵਾਰ ਦਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋ ਪੈਰਾਗਲਾਈਡਰ ਵੱਖੋ-ਵੱਖਰੇ ਤੌਰ ‘ਤੇ ਉਡਾਣ ਭਰਦੇ ਹੋਏ ਅਸਮਾਨ ਵਿੱਚ ਅਚਾਨਕ ਟਕਰਾ ਗਏ। ਇਸ ਕਾਰਨ ਬੈਲਜੀਅਨ ਪੈਰਾਗਲਾਈਡਰ ਫੇਅਰੇਟ (Feyaret) ਦੀ ਮੌਤ ਹੋ ਗਈ, ਜਦੋਂ ਕਿ ਪੋਲਿਸ਼ ਪੈਰਾਗਲਾਈਡਰ ਨੂੰ ਜ਼ਖ਼ਮੀ ਹੋ ਗਿਆ। ਕਾਂਗੜਾ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਟੂਰਿਜ਼ਮ ਵਿਨੈ ਧੀਮਾਨ ਨੇ ਇਹ ਜਾਣਕਾਰੀ ਦਿੰਦਿਆਂ ਨੇ ਕਿਹਾ ਕਿ ਫੇਅਰੇਟ ਦੀ ਉਮਰ 65 ਸਾਲਾਂ ਦੇ ਕਰੀਬ ਸੀ। -ਪੀਟੀਆਈ