ਸੰਯੁਕਤ ਰਾਸ਼ਟਰ, 11 ਅਗਸਤ
ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਭਰਾ ਅਤੇ ਪਾਕਿਸਤਾਨ ਆਧਾਰਿਤ ਦਹਿਸ਼ਤੀ ਜਥੇਬੰਦੀ ਦੇ ਉਪ ਮੁਖੀ ਅਬਦੁਲ ਰੌਫ਼ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨਣ ਤੇ ਸੰਯੁਕਤ ਰਾਸ਼ਟਰ ਵਿੱਚ ਬਲੈਕਲਿਸਟ ਕਰਨ ਦੀ ਅਮਰੀਕਾ ਅਤੇ ਭਾਰਤ ਦੀ ਤਜਵੀਜ਼ ਉੱਤੇ ਚੀਨ ਨੇ ਇਕ ਵਾਰ ਫਿਰ ਤਕਨੀਕੀ ਆਧਾਰ ’ਤੇ ਰੋਕ ਲਗਾ ਦਿੱਤੀ ਹੈ। ਪੇਈਚਿੰਗ ਨੇ ਪਿਛਲੇ ਕਰੀਬ ਦੋ ਮਹੀਨਿਆਂ ਵਿੱਚ ਦੂਜੀ ਵਾਰ ਅਜਿਹਾ ਕਦਮ ਚੁੱਕਿਆ ਹੈ। ਚੀਨ ਨੇ ਉਦੋਂ 26/11 ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਦੇ ਨੇੜਲੇ ਰਿਸ਼ਤੇਦਾਰ ਅਬਦੁਲ ਰਹਿਮਾਨ ਮੱਕੀ ਨੂੰ ਲੈ ਕੇ ਵੀ ਇਹੀ ਕੁਝ ਕੀਤਾ ਸੀ। ਅਮਰੀਕਾ ਤੇ ਭਾਰਤ ਦੀ ਇਸ ਤਜਵੀਜ਼ ਦੀ ਹਾਲਾਂਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ 14 ਮੈਂਬਰ ਮੁਲਕਾਂ ਨੇ ਹਮਾਇਤ ਕੀਤੀ ਸੀ। ਅਬਦੁਲ ਰੌਫ਼ ਅਜ਼ਹਰ 1999 ਜਹਾਜ਼ ਅਗਵਾ ਕਾਂਡ, 2001 ਵਿੱਚ ਸੰਸਦ ’ਤੇ ਹਮਲੇ ਤੇ 2016 ਵਿੱਚ ਪਠਾਨਕੋਟ ਵਿੱਚ ਭਾਰਤੀ ਹਵਾਈ ਸੈਨਾ ਦੇ ਅੱਡੇ ਨੂੰ ਨਿਸ਼ਾਨਾ ਬਣਾਉਣ ਜਿਹੀਆਂ ਦਹਿਸ਼ਤੀ ਸਰਗਰਮੀਆਂ ’ਚ ਸ਼ਾਮਲ ਸੀ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਚੀਨ ਦੀ ਪ੍ਰਧਾਨਗੀ ਵਿੱਚ ਹੋਈ ਸਲਾਮਤੀ ਕੌਂਸਲ ਦੀ ਬੈਠਕ ਵਿੱਚ ਕਿਹਾ ਕਿ ਬਿਨਾਂ ਕੋਈ ਜਾਇਜ਼ ਕਾਰਨ ਦੱਸੇ ਅਤਿਵਾਦੀਆਂ ਨੂੰ ਕਾਲੀ ਸੂਚੀ ਵਿੱਚ ਪਾਉਣ ਸਬੰਧੀ ਤਜਵੀਜ਼ ਵਿੱਚ ਅੜਿੱਕਾ ਪਾਉਣ ਦੇ ਅਮਲ ਨੂੰ ਰੋਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ’ਤੇ ਪਾਬੰਦੀ ਲਗਾਉਣ ਦੀ ਕਾਰਵਾਈ ਦੀ ਭਰੋਸੇਯੋਗਤਾ ਹਾਲ ਦੀ ਘੜੀ ਸਭ ਤੋਂ ਹੇਠਲੇ ਪੱਧਰ ’ਤੇ ਹੈ। 1974 ਵਿੱਚ ਪਾਕਿਸਤਾਨ ’ਚ ਜਨਮੇ ਅਬਦੁਲ ਰੌਫ਼ ਅਜ਼ਹਰ ’ਤੇ ਅਮਰੀਕਾ ਨੇ ਦਸੰਬਰ 2010 ਵਿੱਚ ਪਾਬੰਦੀ ਲਗਾ ਦਿੱਤੀ ਸੀ। 1999 ਵਿੱਚ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਆਈਸੀ-814 ਨੂੰ ਅਗਵਾ ਕਰਨ ਵਿੱਚ ਉਸ ਦੀ ਅਹਿਮ ਭੂਮਿਕਾ ਸੀ। ਇਸੇ ਅਗਵਾ ਕਾਂਡ ਬਦਲੇ ਵਿੱਚ ਉਸ ਦੇ ਭਰਾ ਮਸੂਦ ਅਜ਼ਹਰ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ।
ਸੂਤਰਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਸਥਾਈ ਮੈਂਬਰ ਤੇ ਪਾਕਿਸਤਾਨ ਦੇ ਗੂੜੇ ਮਿੱਤਰ ਚੀਨ ਨੇ ਬੁੱਧਵਾਰ ਨੂੰ ਅਬਦੁਲ ਰੌਫ਼ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਮਨੋਨੀਤ ਕੀਤੇ ਜਾਣ ਸਬੰਧੀ ਅਮਰੀਕਾ ਤੇ ਭਾਰਤ ਦੀ ਤਜਵੀਜ਼ ’ਤੇ ਰੋਕ ਲਾ ਦਿੱਤੀ ਸੀ। ਤਜਵੀਜ਼ ਵਿੱਚ ਅਜ਼ਹਰ ਦਾ ਨਾਮ ਆਲਮੀ ਦਹਿਸ਼ਤਗਰਦਾਂ ਦੀ ਕਾਲੀ ਸੂਚੀ ਵਿੱਚ ਸ਼ਾਮਲ ਕਰਕੇ ਉਸ ਦੇ ਅਸਾਸੇ ਜਾਮ ਕਰਨ, ਯਾਤਰਾ ਪਾਬੰਦੀ ਤੇ ਹਥਿਆਰਾਂ ਦਾ ਵਪਾਰ ਕਰਨ ਤੋਂ ਰੋਕਣ ਦੀ ਮੰਗ ਕੀਤੀ ਗਈ ਸੀ। -ਪੀਟੀਆਈ
‘ਅਤਿਵਾਦ ਦੇ ਟਾਕਰੇ ਬਾਰੇ ਚੀਨ ਦੇ ਦੋਹਰੇ ਮਾਪਦੰਡ ਜੱਗ ਜ਼ਾਹਿਰ ਹੋਏ’
ਨਵੀਂ ਦਿੱਲੀ: ਸਰਕਾਰ ਵਿਚਲੇ ਸੂਤਰਾਂ ਨੇ ਕਿਹਾ ਕਿ ਚੀਨ ਦੀ ਇਸ ਪੇਸ਼ਕਦਮੀ ਨਾਲ ਅਤਿਵਾਦ ਦੇ ਟਾਕਰੇ ਨੂੰ ਲੈ ਕੇ ਉਸ ਦੇ ‘ਦੋਹਰੇ ਮਾਪਦੰਡ ਤੇ ਦੋਹਰੀ ਬੋਲੀ’ ਜੱਗ ਜ਼ਾਹਿਰ ਹੋ ਗਈ ਹੈ। ਸੂਤਰ ਨੇ ਕਿਹਾ, ‘‘ਇਹ ਬਹੁਤ ਮੰਦਭਾਗਾ ਹੈ ਕਿ ਸਿਆਸੀ ਮੁਫ਼ਾਦਾਂ ਕਰਕੇ ਸੈਂਕਸ਼ਨਜ਼ ਕਮੇਟੀ ਨੂੰ ਉਸ ਦੀ ਭੂਮਿਕਾ ਨਿਭਾਉਣ ਤੋਂ ਰੋਕਿਆ ਜਾ ਰਿਹਾ ਹੈ। ਚੀਨ ਦੀ ਕਾਰਵਾਈ ਅਤਿਵਾਦ ਦੇ ਟਾਕਰੇ ਨੂੰ ਲੈ ਕੇ ਉਸ ਦੀ ਦੋਹਰੀ ਬੋਲੀ ਤੇ ਦੋਹਰੇ ਮਾਪਦੰਡਾਂ ਤੋਂ ਪਰਦਾ ਚੁੱਕਦੀ ਹੈ।’’ -ਪੀਟੀਆਈ
ਤਜਵੀਜ਼ ਦੀ ਸਮੀਖਿਆ ਲਈ ਅਜੇ ਹੋਰ ਸਮੇਂ ਦੀ ਲੋੜ: ਚੀਨ
ਪੇਈਚਿੰਗ: ਚੀਨ ਨੇ ਜੈਸ਼-ਏ-ਮੁਹੰਮਦ ਦੇ ਉਪ ਮੁਖੀ ਅਬਦੁਲ ਰੌਫ਼ ਅਜ਼ਹਰ ਆਪਣੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਉਸ ਨੂੰ ਇਸ ਤਜਵੀਜ਼ ਦੀ ਸਮੀਖਿਆ ਲਈ ਵੱਧ ਸਮੇ ਦੀ ਲੋੜ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵੈਂਗ ਵੈਨਬਿਨ ਨੇ ਕਿਹਾ, ‘‘ਸਾਨੂੰ ਵਿਅਕਤੀ ਵਿਸ਼ੇਸ਼ ’ਤੇ ਪਾਬੰਦੀ ਦੀ ਮੰਗ ਕਰਦੀ ਅਰਜ਼ੀ ਦੀ ਸਮੀਖਿਆ ਲਈ ਅਜੇ ਹੋਰ ਸਮੇਂ ਦੀ ਲੋੜ ਹੈ।’’ ਵੈਂਗ ਨੇ ਕਿਹਾ, ‘‘ਚੀਨ ਨੇ ਕਮੇਟੀ ਦੇ ਨੇਮਾਂ ਤੇ ਕਾਰਵਾਈ ਦੀ ਹਮੇਸ਼ਾ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਾਲ ਇਸ ਦੇ ਕੰਮ ਨੂੰ ਲੈ ਕੇ ਉਸਾਰੂ ਤੇ ਜ਼ਿੰਮੇਵਾਰਾਨਾ ਪਹੁੰਚ ਅਪਣਾਈ ਹੈ। ਅਸੀਂ ਆਸ ਕਰਦੇ ਹਾਂ ਕਿ ਹੋਰ ਮੈਂਬਰ ਵੀ ਇਸੇ ਤਰ੍ਹਾਂ ਕਰਨਗੇ।’’