ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 25 ਜਨਵਰੀ
ਦਿੱਲੀ ਵਿੱਚ 26 ਜਨਵਰੀ ਲਈ ਤਜਵੀਜ਼ਤ ਕਿਸਾਨ ਟਰੈਕਟਰ ਮਾਰਚ ਨੂੰ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐੱਸਆਈ ਤੇ ਵੱਖਵਾਦੀ ਖ਼ਾਲਿਸਤਾਨੀ ਜਥੇਬੰਦੀਆਂ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਾਈਜੈਕ ਕਰਨ ਤੇ ਅੜਿੱਕੇ ਡਾਹੁਣ ਦੀਆਂ ਖੁਫੀਆ ਰਿਪੋਰਟਾਂ ਮਗਰੋਂ ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਵਧੇਰੇ ਚੌਕਸ ਰਹਿਣ ਤੇ ਸੁਰੱਖਿਆ ਏਜੰਸੀ ਦੇ ‘ਅੱਖ ਤੇ ਕੰਨ’ ਵਜੋਂ ਵਿਚਰਨ ਲਈ ਕਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਕਿਸਾਨਾਂ ਦੇ ਟਰੈਕਟਰ ਪਰੇਡ ਮਾਰਚ ਵਿੱਚ ਵਿਘਨ ਪਾਉਣ ਤੇ ਭਾਰਤ ਨੂੰ ਬਦਨਾਮ ਕਰਨ ਲਈ ਦੇਸ਼ ਵਿਰੋਧੀ ਤਾਕਤਾਂ ਵੱਲੋਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਚੇਤੇ ਰਹੇ ਕਿ ਦਿੱਲੀ ਪੁਲੀਸ ਨੇ ਐਤਵਾਰ ਨੂੰ ਦਾਅਵਾ ਕੀਤਾ ਸੀ ਕਿ ਉਨ੍ਹਾਂ ਅਜਿਹੇ 300 ਤੋਂ ਵੱਧ ਟਵਿੱਟਰ ਹੈਂਡਲਾਂ ਦਾ ਪਤਾ ਲਾਇਆ ਹੈ, ਜੋ ਕਿਸਾਨਾਂ ਦੇ ਤਜਵੀਜ਼ਤ ਮਾਰਚ ਨੂੰ ਸਾਬੋਤਾਜ ਕਰਨ ਲਈ ਪਾਕਿਸਤਾਨ ਤੋਂ ਚਲਾਏ ਜਾ ਰਹੇ ਹਨ। ਦਿੱਲੀ ਪੁਲੀਸ ਵਿਚਲੇ ਸੂਤਰਾਂ ਨੇ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਖਾਸ ਕਰਕੇ ਪਾਵਰ ਸਟੇਸ਼ਨਾਂ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਕੌਮੀ ਰਾਜਧਾਨੀ ਵਿਚਲੀ ਤੇ ਇਸ ਨੇੜਲੀਆਂ ਹੋਰਨਾਂ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।