ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਸੰਘਰਸ਼ ’ਚ 40 ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਰਦੇ ਸੰਯੁਕਤ ਕਿਸਾਨ ਮੋਰਚੇ ਨੇ ਗਣਤੰਤਰ ਦਿਵਸ ਮੌਕੇ ਕੌਮੀ ਰਾਜਧਾਨੀ ਵਿੱਚ ਹੋਈ ਹਿੰਸਾ ਲਈ ਅਦਾਕਾਰ ਦੀਪ ਸਿੱਧੂ ਜਿਹੇ ‘ਗੈਰਸਮਾਜੀ’ ਅਨਸਰਾਂ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਦੱਸਿਆ ਹੈ। ਮੋਰਚੇ ’ਚ ਸ਼ਾਮਲ ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਕੱਢੇ ਜਾ ਰਹੇ ‘ਟਰੈਕਟਰ ਪਰੇਡ ਮਾਰਚ’ ਨੂੰ ਇਕ ਸਾਜ਼ਿਸ਼ ਤਹਿਤ ‘ਤਾਰਪੀਡੋ’ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੋਰਚੇ ਨੇ ਜ਼ੋਰ ਦੇ ਕੇ ਆਖਿਆ ਕਿ ਉਹ ‘ਸਰਕਾਰ ਤੇ ਹੋਰਨਾਂ ਤਾਕਤਾਂ’ ਨੂੰ ਅਮਨ ਅਮਾਨ ਨਾਲ ਚੱਲ ਰਹੇ ਆਪਣੇ ਇਸ ਸੰਘਰਸ਼ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਣਗੇ।
ਮੋਰਚੇ ਨੇ ਇਕ ਬਿਆਨ ਵਿੱਚ ਕਿਹਾ ਕਿ ,‘ਕੇਂਦਰ ਸਰਕਾਰ ਕਿਸਾਨਾਂ ਦੇ ਇਸ ਅੰਦੋਲਨ ਕਰਕੇ ਬੁਰੀ ਤਰ੍ਹਾਂ ਹਲੂਣੀ ਪਈ ਹੈ। ਇਹੀ ਵਜ੍ਹਾ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਕੇੇਐੱਮਐੱਸਸੀ) ਤੇ ਹੋਰਨਾਂ ਨਾਲ ਮਿਲ ਕੇ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਕਿਸਾਨ ਅੰਦੋਲਨ ਖ਼ਿਲਾਫ਼ ਗੰਧਲੀ ਸਾਜ਼ਿਸ਼ ਘੜੀ ਗਈ ਹੈ। ਇਹ ਜਥੇਬੰਦੀਆਂ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਸਾਂਝੇ ਸੰਘਰਸ਼ ਦਾ ਹਿੱਸਾ ਨਹੀਂ ਹਨ।’ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਡਾ.ਦਰਸ਼ਨ ਪਾਲ ਨੇ ਕਿਹਾ ਕਿ ਜਦੋਂ ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਦੀ ਕਿਸਾਨ ਪਰੇਡ ਲਈ ਨਿਰਧਾਰਿਤ ਰੂਟਾਂ ਲਈ ਇਕ ਪ੍ਰੋਗਰਾਮ ਐਲਾਨਿਆ ਤਾਂ ਦੀਪ ਸਿੱਧੂ ਤੇ ਹੋਰਨਾਂ ਗੈਰਸਮਾਜੀ ਅਨਸਰਾਂ ਨੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦਾ ਯਤਨ ਕੀਤਾ। ਇਕ ਸਾਜ਼ਿਸ਼ ਤਹਿਤ ਉਪਰੋਕਤ ਕਿਸਾਨ ਜਥੇਬੰਦੀ (ਕੇਐੈੱਮਐੱਸਸੀ) ਤੇ ਹੋਰਨਾਂ ਨੇ ਰਿੰਗ ਰੋਡ ’ਤੇ ਮਾਰਚ ਕੱਢਣ ਤੇ ਲਾਲ ਕਿਲ੍ਹੇ ’ਤੇ ਝੰਡਾ ਫਹਿਰਾਉਣ ਦਾ ਐਲਾਨ ਕਰ ਦਿੱਤਾ। ਇਨ੍ਹਾਂ ਜਥੇਬੰਦੀਆਂ ਨੇ ਤਜਵੀਜ਼ਤ ਮਾਰਚ ਤੋਂ ਦੋ ਘੰਟੇ ਪਹਿਲਾਂ ਹੀ ਰਿੰਗ ਰੋਡ ਤੋਂ ਮਾਰਚ ਸ਼ੁਰੂ ਕਰ ਦਿੱਤਾ। ਇਹ ਸ਼ਾਂਤਮਈ ਤੇ ਮਜ਼ਬੂਤ ਕਿਸਾਨੀ ਸੰਘਰਸ਼ ਨੂੰ ਠਿੱਬੀ ਲਾਉਣ ਦੀ ਡੂੰਘੀ ਸਾਜ਼ਿਸ਼ ਸੀ। ਇਕ ਹੋਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਧਰਨੇ ਵਾਲੀਆਂ ਥਾਵਾਂ ’ਤੇ ਬਣੇ ਰਹਿਣ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਸੰਘਰਸ਼ ਨੂੰ ਜਾਰੀ ਰੱਖਣ।
ਦੀਪ ਸਿੱਧੂ, ਸਤਨਾਮ ਪੰਨੂ ਤੇ ਸਰਵਣ ਪੰਧੇਰ ਪੰਜਾਬ ਦੇ ਸਭ ਤੋਂ ਵੱਡੇ ਗੱਦਾਰ: ਰਾਜੇਵਾਲ
ਨਵੀਂ ਦਿੱਲੀ: ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬੀ ਅਦਾਕਾਰ ਦੀਪ ਸਿੱਧੂ ਤੇ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਸਤਨਾਮ ਸਿੰਘ ਪੰਨੂ ਤੇ ਸਰਵਣ ਸਿੰਘ ਪੰਧੇਰ ਨੂੰ ਪੰਜਾਬ ਦੇ ਸਭ ਤੋਂ ਵੱਡੇ ਗੱਦਾਰ ਕਰਾਰ ਦਿੱਤਾ ਹੈ। ਉਨ੍ਹਾਂ 26 ਜਨਵਰੀ ਨੂੰ ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਲਈ ਇਨ੍ਹਾਂ ਤਿੰਨਾਂ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਦੱਸਦਿਆਂ ਸੱਦਾ ਦਿੱਤਾ ਕਿ ‘ਕਿਸਾਨ ਅੰਦੋਲਨ ’ਚੋੋਂ ਇਸ ਗੰਦਗੀ ਨੂੰ’ ਬਾਹਰ ਕੱਢ ਸੁੱਟਣ। ਉਨ੍ਹਾਂ ਦੀਪ ਸਿੱਧੂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਗੈਰ ਸਮਾਜਿਕ ਤੱਤ ਕਰਾਰ ਦਿੰਦਿਆਂ ਕਿਸਾਨਾਂ ਦੇ ਸੰਘਰਸ਼ ਨੂੰ ਬਦਨਾਮ ਤੇ ਖਤਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਕਰਾਰ ਦਿੱਤਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦਾ ਬਾਈਕਾਟ ਕਰਨ। ਉਨ੍ਹਾਂ ਕੁਝ ਜਥੇਬੰਦੀਆਂ ਨੂੰ ਲਾਲ ਕਿਲ੍ਹੇ ਤੱਕ ਸੌਖੀ ਰਸਾਈ ਦੇਣ ਲਈ ਦਿੱਲੀ ਪੁਲੀਸ ਦੀ ਭੂਮਿਕਾ ’ਤੇ ਵੀ ਸਵਾਲ ਉਠਾਏ। ਰਾਜੇਵਾਲ ਨੇ ਕਿਹਾ ਕਿ ਲਾਲ ਕਿਲ੍ਹੇ ਵੱਲ ਵੱਧ ਰਹੇ ਪ੍ਰਦਰਸ਼ਨਕਾਰੀਆਂ ਦੀ ਦਿੱਲੀ ਪੁਲੀਸ ਨੇ ਕਥਿਤ ਪੂਰੀ ਅਗਵਾਈ ਕੀਤੀ। ਉਨ੍ਹਾਂ ਕਿਸਾਨ ਗਣਤੰਤਰ ਦਿਵਸ ਪਰੇਡ ਨੂੰ ਮਿਲੇ ਬੇਮਿਸਾਲ ਹੁੰਗਾਰੇ ਦੀ ਸ਼ਲਾਘਾ ਕੀਤੀ।