ਨਵੀਂ ਦਿੱਲੀ, 3 ਜੂਨ
ਨੀਟ-ਯੂਜੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋਣ ਸਬੰਧੀ ਖ਼ਬਰਾਂ ਨਸ਼ਰ ਹੋਣ ਦਰਮਿਆਨ ਕੁਝ ਉਮੀਦਵਾਰਾਂ ਦੇ ਇੱਕ ਸਮੂਹ ਨੇ ਨੀਟ-ਯੂਜੀ ਪ੍ਰੀਖਿਆ, 2024 ਮੁੜ ਕਰਵਾਉਣ ਲਈ ਸੁਪਰੀਮ ਕੋਰਟ ਵਿੱਚ ਅਪੀਲ ਦਾਖ਼ਲ ਕੀਤੀ ਹੈ। ਨੀਟ ਪ੍ਰੀਖਿਆ ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ ਮੁਲਕ ਭਰ ਦੀਆਂ ਸਰਕਾਰੀ ਤੇ ਪ੍ਰਾਈਵੇਟ ਸੰਸਥਾਵਾਂ ਵਿੱਚ ਐੱਮਬੀਬੀਐੱਸ, ਬੀਡੀਐੱਸ ਅਤੇ ਆਯੂਸ਼ ਤੇ ਹੋਰ ਸਬੰਧਤ ਕੋਰਸਾਂ ਵਿੱਚ ਦਾਖ਼ਲਾ ਲੈਣ ਖ਼ਾਤਰ ਲਈ ਜਾਂਦੀ ਹੈ। ਇਸ ਪ੍ਰੀਖਿਆ ਦੇ ਨਤੀਜੇ 14 ਜੂਨ ਆਉਣ ਦੀ ਸੰਭਾਵਨਾ ਹੈ। ਸ਼ਿਵਾਂਗੀ ਮਿਸ਼ਰਾ ਅਤੇ ਹੋਰਾਂ ਵੱਲੋਂ ਦਾਖ਼ਲ ਇਸ ਅਪੀਲ ਵਿੱਚ ਐੱਨਟੀਏ ਨੂੰ ਇੱਕ ਧਿਰ ਬਣਾਉਂਦਿਆਂ ਪੇਪਰ ਲੀਕ ਹੋਣ ਤੇ ਪ੍ਰੀਖਿਆ ਦੀ ਭਰੋਸੇਯੋਗਤਾ ਦੇ ਮੁੱਦੇ ਚੁੱਕਦਿਆਂ ਨਵੇਂ ਸਿਰਿਓਂ ਪ੍ਰੀਖਿਆ ਲੈਣ ਲਈ ਦਿਸ਼ਾ-ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। -ਪੀਟੀਆਈ