ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਅਗਸਤ
ਕਿਸਾਨ ਅੰਦੋਲਨ ਨੂੰ ਹੋਰ ਪ੍ਰਚੰਡ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਨੇ ਸਾਬਕਾ ਫ਼ੌਜੀਆਂ ਅਤੇ ਆਜ਼ਾਦੀ ਘੁਟਾਲੀਆਂ ਦੇ ਪਰਿਵਾਰਾਂ ਨੂੰ ਭਲਕੇ 15 ਅਗਸਤ ਨੂੰ ‘ਆਜ਼ਾਦੀ ਦਿਹਾੜੇ’ ਮੌਕੇ ਦਿੱਲੀ ਮੋਰਚਿਆਂ ’ਚ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨਾਲ ਹੀ ਓਲੰਪਿਕ ਤਗ਼ਮਾ ਜੇਤੂ ਖਿਡਾਰੀਆਂ ਦੇ ਸਨਮਾਨ ਲਈ ਰੱਖੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਦੌਰਾਨ ਭਾਜਪਾ ਆਗੂਆਂ ਦਾ ਵਿਰੋਧ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉੱਤਰਾਖੰਡ ਦੇ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਇੱਥੇ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ 26 ਅਗਸਤ ਨੂੰ ‘ਕੌਮੀ ਕਨਵੈਨਸ਼ਨ’ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਇਸ ਦੀ ਤਿਆਰੀ ਲਈ ਕਮੇਟੀ ਵੀ ਬਣਾਈ ਹੈ। ਦਿੱਲੀ ਬਾਰਡਰਾਂ ’ਤੇ ਚੱਲ ਰਹੇ ਸੰਘਰਸ਼ ਦੇ 26 ਅਗਸਤ ਨੂੰ 9 ਮਹੀਨੇ ਮੁਕੰਮਲ ਹੋਣ ਜਾ ਰਹੇ ਹਨ। ਤੇਜਿੰਦਰ ਸਿੰਘ ਵਿਰਕ ਨੇ ਕਿਹਾ ਕਿ 15 ਅਗਸਤ ਨੂੰ ਦੇਸ਼ ਭਰ ’ਚ ਤਹਿਸੀਲ ਪੱਧਰ ’ਤੇ ‘ਕਿਸਾਨ-ਮਜ਼ਦੂਰ ਆਜ਼ਾਦੀ ਸੰਗਰਾਮ’ ਦਿਵਸ ਮਨਾਉਣ ਦੇ ਸੱਦੇ ਤਹਿਤ ਸਿੰਘੂ ਬਾਰਡਰ ਸਮੇਤ ਬਾਕੀ ਮੋਰਚਿਆਂ ’ਤੇ ਵੀ ਇਹ ਦਿਨ ਮਨਾਇਆ ਜਾਵੇਗਾ। ਸਾਬਕਾ ਫ਼ੌਜੀਆਂ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਵੀ ਮੋਰਚਿਆਂ ’ਤੇ ਪਹੁੰਚਣ ਦਾ ਵਿਸ਼ੇਸ਼ ਸੱਦਾ ਦਿੱਤਾ ਗਿਆ। ਸਿੰਘੂ ਮੋਰਚੇ ’ਤੇ ਮੁੱਖ ਸਮਾਗਮ ਵਿੱਚ ਸਾਬਕਾ ਫ਼ੌਜੀਆਂ ਦੀ ‘ਪਰੇਡ’ ਹੋਵੇਗੀ ਤੇ ਕਿਸਾਨਾਂ ਵੱਲੋਂ ਤਿਰੰਗੇ ਝੰਡੇ ਲੈ ਕੇ ਸਟੇਜ ਤੱਕ ਮਾਰਚ ਕੀਤਾ ਜਾਵੇਗਾ। ਮੁੱਖ ਪੰਡਾਲ ਵਿੱਚ ਬਜ਼ੁਰਗ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਤਿਰੰਗਾ ਝੰਡਾ ਲਹਿਰਾਉਣਗੇ। ਡੀਏਵੀ ਕਾਲਜ ਜਲੰਧਰ ਦੀ ਟੀਮ ਵੱਲੋਂ ਭੰਗੜੇ ਦੀ ਪੇਸ਼ਕਾਰੀ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣੇ ਵਿੱਚ ਆਜ਼ਾਦੀ ਦਿਵਸ ਦੇ ਸਰਕਾਰੀ ਸਮਾਗਮਾਂ ਦਾ ਵਿਰੋਧ ਨਾ ਕਰਨ ਦੇ ਨਾਲ ਨਾਲ ਓਲੰਪਿਕ ਤਗ਼ਮਾ ਜੇਤੂ ਖਿਡਾਰੀਆਂ ਨੂੰ ਸਨਮਾਨਤ ਕਰਨ ਲਈ ਰੱਖੇ ਪ੍ਰੋਗਰਾਮਾਂ ਵਿੱਚ ਭਾਜਪਾ ਅਤੇ ਭਾਈਵਾਲ ਪਾਰਟੀਆਂ ਦੇ ਸ਼ਾਮਲ ਹੋ ਰਹੇ ਆਗੂਆਂ ਦਾ ਵਿਰੋਧ ਨਾ ਕਰਨ ਦਾ ਫ਼ੈਸਲਾ ਕੀਤਾ ਹੈ।