ਦੇਹਰਾਦੂਨ, 27 ਸਤੰਬਰ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅੰਕਿਤਾ ਭੰਡਾਰੀ ਕਤਲ ਕੇਸ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿਵਾਉਣ ਲਈ ਸੁਪਰੀਮ ਕੋਰਟ ਨੂੰ ‘ਫਾਸਟ ਟਰੈਕ ਅਦਾਲਤ’ ਕਾਇਮ ਕਰਨ ਦੀ ਅਪੀਲ ਕੀਤੀ ਹੈ।
ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਟਵੀਟ ’ਚ ਧਾਮੀ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘ਸਾਡੀ ਸਰਕਾਰ ਨੇ ਕਸੂਰਵਾਰਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿਵਾਉਣ ਲਈ ਸੁਪਰੀਮ ਕੋਰਟ ਨੂੰ ਫਾਸਟ ਟਰੈਕ ਅਦਾਲਤ ਬਣਾਉਣ ਦੀ ਅਪੀਲ ਕੀਤੀ ਹੈ।’ ਘਟਨਾ ਨੂੰ ਲੈ ਕੇ ਲੋਕਾਂ ’ਚ ਵੱਧ ਰਹੇ ਰੋਸ ਦਰਮਿਆਨ ਮੁੱਖ ਮੰਤਰੀ ਨੇ ਕਿਹਾ ਕਿ ਧੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਸਰਕਾਰ ਦੀ ਹੈ ਅਤੇ ਇਸ ਲਈ ਸਰਕਾਰ ਨੇ ਇਸ ਘਟਨਾ ਦੇ ਸਬੰਧ ’ਚ ਸਖ਼ਤ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ, ‘ਅੰਕਿਤਾ ਨੂੰ ਨਿਆਂ ਦਿਵਾਉਣ ਲਈ ਅਸੀਂ ਡੀਆਈਜੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਸਿਟ ਕਾਇਮ ਕੀਤੀ ਹੈ।’ ਦੂਜੇ ਪਾਸੇ ਘਟਨਾ ਦੀ ਜਾਂਚ ਤੇਜ਼ ਕਰਦਿਆਂ ਸਿਟ ਨੇ ਮੌਕੇ ’ਤੇ ਜਾ ਕੇ ਸਬੂਤ ਇਕੱਠੇ ਕਰਨ ਤੇ ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਟ ਦੀ ਮੁਖੀ ਡੀਆਈਜੀ ਪੀ ਰੇਣੂਕਾ ਦੇਵੀ ਨੇ ਕਿਹਾ ਕਿ ਇਸ ਘਟਨਾ ’ਚ ਵਰਤੇ ਗਏ ਦੋ ਵਾਹਨ ਵੀ ਬਰਾਮਦ ਕਰ ਲਏ ਗਏ। ਇਸੇ ਦੌਰਾਨ ਏਮਸ, ਰਿਸ਼ੀਕੇਸ਼ ਵੱਲੋਂ ਦਿੱਤੀ ਗਈ ਪੋਸਟਮਾਰਟਮ ਦੀ ਆਖਰੀ ’ਚ ਕਿਹਾ ਗਿਆ ਹੈ ਕਿ ਅੰਕਿਤਾ ਭੰਡਾਰੀ ਦੀ ਮੌਤ ਡੁੱਬਣ ਕਾਰਨ ਹੋਈ ਹੈ। ਇਸੇ ਦੌਰਾਨ ਭਾਜਪਾ ਹਾਈ ਕਮਾਨ ਨੇ ਪੁਸ਼ਕਰ ਸਿੰਘ ਧਾਮੀ ਨੂੰ ਦਿੱਲੀ ਸੱਦ ਲਿਆ ਹੈ। ਧਾਮੀ ਨੂੰ ਲੰਘੇ ਅੱਠ ਦਿਨਾਂ ਅੰਦਰ ਦੂਜੀ ਵਾਰ ਦਿੱਲੀ ਸੱਦੇ ਜਾਣ ਨੇ ਨਵੇਂ ਚਰਚੇ ਛੇੜ ਦਿੱਤੇ ਹਨ। -ਪੀਟੀਆਈ/ਏਐੱਨਆਈ
‘ਲੜਕੀਆਂ ਨਾਲ ਬਦਸਲੂਕੀ ਕਰਦੇ ਸੀ ਮੁਲਜ਼ਮ’
ਮੇਰਠ: ਉੱਤਰਾਖੰਡ ਦੇ ਰਿਜ਼ੌਰਟ ਦੀ ਸਾਬਕਾ ਮਹਿਲਾ ਮੁਲਾਜ਼ਮ ਨੇ ਅੱਜ ਦਾਅਵਾ ਕੀਤਾ ਕਿ ਇਸ ਘਟਨਾ ਦੇ ਮੁਲਜ਼ਮ ਰਿਜ਼ੌਰਟ ਦੀਆਂ ਮਹਿਲਾਵਾਂ ਨਾਲ ਬਦਸਲੂਕੀ ਕਰਦੇ ਸੀ। ਮਹਿਲਾ ਨੇ ਕਿਹਾ ਕਿ ਉਸ ਨੇ ਮਈ ਵਿੱਚ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਸੀ ਤੇ ਜੁਲਾਈ ਵਿੱਚ ਛੱਡ ਦਿੱਤਾ। ਉਸ ਨੇ ਕਿਹਾ ਕਿ ਅੰਕਿਤ ਗੁਪਤਾ (ਮੁਲਜ਼ਮ) ਅਤੇ ਪੁਲਕਿਤ ਆਰੀਆ (ਮੁੱਖ ਮੁਲਜ਼ਮ) ਲੜਕੀਆਂ ਨਾਲ ਬਦਸਲੂਕੀ ਕਰਦੇ ਸਨ। ਉਸ ਨੇ ਦਾਅਵਾ ਕੀਤਾ ਕਿ ਇੱਥੇ ਲੜਕੀਆਂ ਨੂੰ ਲਿਆਇਆ ਜਾਂਦਾ ਸੀ ਤੇ ਬਹੁਤ ਸਾਰੇ ਵੀਆਈਪੀ ਅਕਸਰ ਇੱਥੇ ਆਉਂਦੇ ਸਨ। -ਏਐੱਨਆਈ