ਨਵੀਂ ਦਿੱਲੀ: ਸੋਸ਼ਲ ਮੀਡੀਆ ਮੰਚਾਂ ’ਤੇ ਮੁਹੱਈਆ ਸਮੱਗਰੀ ਤੇ ਹੋਰ ਮੁੱਦਿਆਂ ਬਾਰੇ ਦਰਜ ਸ਼ਿਕਾਇਤਾਂ ਦਾ ਨਬਿੇੜਾ ਕਰਨ ਲਈ ਸਰਕਾਰ ਨੇ ਅੱਜ ਆਈਟੀ ਨਿਯਮਾਂ ’ਚ ਤਬਦੀਲੀ ਕਰਦਿਆਂ ਤਿੰਨ ਮਹੀਨਿਆਂ ਅੰਦਰ ਅਪੀਲੀ ਪੈਨਲ ਗਠਿਤ ਕਰਨ ਦਾ ਐਲਾਨ ਕੀਤਾ ਹੈ। ਇਹ ਪੈਨਲ ਮੈਟਾ ਤੇ ਟਵਿੱਟਰ ਵਰਗੀਆਂ ਸੋਸ਼ਲ ਮੀਡੀਆ ਕੰਪਨੀਆਂ ਵੱਲੋਂ ਸਮੱਗਰੀ ਸਬੰਧੀ ਲਏ ਫ਼ੈਸਲਿਆਂ ਦੀ ਸਮੀਖਿਆ ਕਰ ਸਕਣਗੇ। ਅੱਜ ਜਾਰੀ ਕੀਤੇ ਗਏ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਤਿੰਨ ਮਹੀਨੇ ਅੰਦਰ ਸ਼ਿਕਾਇਤ ਅਪੀਲੀ ਪੈਨਲ ਕਾਇਮ ਕੀਤੇ ਜਾਣਗੇ। ਇਹ ਅਪੀਲੀ ਪੈਨਲ ਬਣਾਉਣ ਲਈ ਸੂਚਨਾ ਤਕਨੀਕ ਨਿਯਮ, 2021 ’ਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ। ਹਰ ਪੈਨਲ ’ਚ ਇੱਕ ਚੇਅਰਪਰਸਨ ਅਤੇ ਕੇਂਦਰ ਸਰਕਾਰ ਵੱਲੋਂ ਨਿਯੁਕਤ ਦੋ ਕੁਲ ਵਕਤੀ ਮੈਂਬਰ ਹੋਣਗੇ। ਨੋਟੀਫਿਕੇਸ਼ਨ ਅਨੁਸਾਰ ਸ਼ਿਕਾਇਤ ਅਧਿਕਾਰੀ ਦੇ ਫ਼ੈਸਲੇ ਨਾਲ ਅਸਹਿਮਤ ਕੋਈ ਵੀ ਵਿਅਕਤੀ ਸ਼ਿਕਾਇਤ ਅਧਿਕਾਰੀ ਤੋਂ ਸੂਚਨਾ ਮਿਲਣ ਤੋਂ 30 ਦਿਨ ਅੰਦਰ ਅਪੀਲੀ ਪੈਨਲ ’ਚ ਸ਼ਿਕਾਇਤ ਕਰ ਸਕਦਾ ਹੈ। -ਪੀਟੀਆਈ