ਨਵੀਂ ਦਿੱਲੀ, 6 ਅਕਤੂਬਰ
ਇਸ ਸਾਲ ਵੱਖ ਵੱਖ ਹਾਈ ਕੋਰਟਾਂ ਵਿੱਚ ਕੁੱਲ 153 ਜੱਜਾਂ ਦੀ ਨਿਯੁਕਤੀ ਹੋਈ ਹੈ ਤੇ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਅਗਲੇ ਦਿਨਾਂ ਵਿੱਚ ਕੁਝ ਹੋਰ ਨਿਯੁਕਤੀਆਂ ਹੋਣ ਦੇ ਅਸਾਰ ਹਨ। ਵੀਰਵਾਰ ਨੂੰ ਬੰਬੇ ਹਾਈ ਕੋਰਟ ਵਿੱਚ ਛੇ ਵਧੀਕ ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ। ਸੂਤਰਾਂ ਮੁਤਾਬਕ ਸਰਕਾਰ, ਬੰਬੇ ਹਾਈ ਕੋਰਟ ਦੇ ਚੀਫ਼ ਜਸਟਿਸ ਦੀਪਾਂਕਰ ਦੱਤਾ ਨੂੰ ਸਿਖਰਲੀ ਕੋਰਟ ਵਿੱਚ ਨਿਯੁਕਤ ਕਰਨ ਸਬੰਧੀ ਫੈਸਲਾ ਜਲਦੀ ਲਏਗੀ। ਉਨ੍ਹਾਂ ਦੀ ਨਿਯੁਕਤੀ ਨਾਲ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਨਫ਼ਰੀ ਵਧ ਕੇ 30 ਹੋ ਜਾਵੇਗੀ। ਸੀਜੇਆਈ ਸਣੇ ਸਿਖਰਲੀ ਕੋਰਟ ਵਿੱਚ ਜੱਜਾਂ ਦੀ ਮਨਜ਼ੂਰਸ਼ੁਦਾ ਸਮਰੱਥਾ 34 ਹੈ।
ਸਰਕਾਰ ਵੱਲੋਂ ਭਾਰਤ ਦੇ ਅਗਲੇ ਚੀਫ਼ ਜਸਟਿਸ ਦੀ ਨਿਯੁਕਤੀ ਦਾ ਅਮਲ ਜਲਦੀ ਸ਼ੁਰੂ ਕਰਨ ਦੀ ਤਿਆਰੀ ਹੈ। ਇਹ ਅਮਲ ਇਸੇ ਹਫ਼ਤੇ ਜਾਂ ਫਿਰ ਅਗਲੇ ਹਫ਼ਤੇ ਦੀ ਸ਼ੁਰੂਆਤ ਵਿੱਚ ਸ਼ੁਰੂ ਹੋਣ ਦੇ ਆਸਾਰ ਹਨ। ਨਿਰਧਾਰਿਤ ਮਾਪਦੰਡਾਂ ਮੁਤਾਬਕ ਕੇਂਦਰੀ ਕਾਨੂੰਨ ਮੰਤਰੀ ਵੱਲੋਂ ਸੀਜੇਆਈ ਨੂੰ ਆਪਣੇ ਜਾਨਸ਼ੀਨ ਦਾ ਨਾਮ ਸੁਝਾਉਣ ਬਾਰੇ ਲਿਖਿਆ ਜਾਵੇਗਾ। ਜਸਟਿਸ ਉਦੈ ਉਮੇਸ਼ ਲਲਿਤ 8 ਨਵੰਬਰ ਨੂੰ ਸੀਜੇਆਈ ਦੇ ਅਹੁਦੇ ਤੋਂ ਸੇਵਾਮੁਕਤ ਹੋਣਗੇ। ਉਨ੍ਹਾਂ ਮਗਰੋਂ ਜਸਟਿਸ ਡੀ.ਵਾਈ.ਚੰਦਰਚੂੜ ਸਭ ਤੋਂ ਸੀਨੀਅਰ ਜੱਜ ਹਨ। ਰਵਾਇਤ ਮੁਤਾਬਕ ਸੀਜੇਆਈ ਵੱਲੋਂ ਸਭ ਤੋਂ ਸੀਨੀਅਰ ਜੱਜ ਨੂੰ ਆਪਣਾ ਜਾਨਸ਼ੀਨ ਨਾਮਜ਼ਦ ਕੀਤਾ ਜਾਂਦਾ ਹੈ। ਜੇਕਰ ਇਸ ਸਥਾਪਿਤ ਰਵਾਇਤ ਤੇ ਦਸਤੂਰ ਮੁਤਾਬਕ ਚੱਲੀਏ ਤਾਂ ਜਸਟਿਸ ਚੰਦਰਚੂੜ ਦੇਸ਼ ਦੇ 50ਵੇਂ ਸੀਜੇਆਈ ਹੋਣਗੇ। -ਪੀਟੀਆਈ