ਨਵੀਂ ਦਿੱਲੀ, 5 ਅਕਤੂਬਰ
ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਕੌਲਿਜੀਅਮ ਦੇ ਦੋ ਮੈਂਬਰਾਂ ਨੇ ਦੇਸ਼ ਦੀ ਸਿਖਰਲੀ ਕੋਰਟ ਵਿੱਚ ਚਾਰ ਜੱਜਾਂ ਦੀ ਨਿਯੁਕਤੀ ਸਬੰਧੀ ਤਜਵੀਜ਼ ਬਾਰੇ ਲਿਖਤੀ ਸਹਿਮਤੀ ਮੁਹੱਈਆ ਕਰਵਾਉਣ ਬਾਰੇ ਆਪਣਾ ਇਤਰਾਜ਼ ਜਤਾਇਆ ਹੈ। ਇਹ ਦਾਅਵਾ ਸੂਤਰਾਂ ਦੇ ਹਵਾਲੇ ਨਾਲ ਕੀਤਾ ਗਿਆ ਹੈ।
ਭਾਰਤ ਦੇ ਚੀਫ਼ ਜਸਟਿਸ ਉਦੈ ਉਮੇਸ਼ ਲਲਿਤ ਦੀ ਅਗਵਾਈ ਵਾਲੇ ਪੰਜ ਮੈਂਬਰੀ ਕੌਲਿਜੀਅਮ ਨੇ ਹਾਲ ਹੀ ਵਿੱਚ ਬੰਬੇ ਹਾਈ ਕੋਰਟ ਦੇ ਚੀਫ਼ ਜਸਟਿਸ, ਜਸਟਿਸ ਦੀਪਾਂਕਰ ਦੱਤਾ ਨੂੰ ਤਰੱਕੀ ਦੇ ਕੇ ਸੁਪਰੀਮ ਕੋਰਟ ਵਿੱਚ ਜੱਜ ਲਾਉਣ ਦੀ ਸਿਫਾਰਸ਼ ਕੀਤੀ ਸੀ। ਕੌਲਿਜੀਅਮ ਨੇ ਸੁਪਰੀਮ ਕੋਰਟ ਵਿੱਚ ਖਾਲੀ ਪਈਆਂ ਜੱਜਾਂ ਦੀਆਂ ਬਾਕੀ ਚਾਰ ਅਸਾਮੀਆਂ ਲਈ ਕੁਝ ਹੋਰਨਾਂ ਨਾਵਾਂ ’ਤੇ ਵੀ ਇਸ ਮੌਕੇ ਵਿਚਾਰ ਚਰਚਾ ਕੀਤੀ ਸੀ। ਕੌਲਿਜੀਅਮ ਵਿੱਚ ਸੀਜੇਆਈ ਤੋਂ ਇਲਾਵਾ ਚਾਰ ਸੀਨੀਅਰ ਜੱਜ- ਜਸਟਿਸ ਡੀ.ਵਾਈ.ਚੰਦਰਚੂੜ, ਜਸਟਿਸ ਐੱਸ.ਕੇ.ਕੌਲ, ਜਸਟਿਸ ਐੱਸ.ਏ.ਨਜ਼ੀਰ ਤੇ ਜਸਟਿਸ ਕੇ.ਐੱਮ.ਜੋਸੇਫ਼ ਸ਼ਾਮਲ ਹਨ, ਜੋ ਨਵੇਂ ਜੱਜਾਂ ਦੀ ਨਿਯੁਕਤੀ ਲਈ ਉਨ੍ਹਾਂ ਦੀ ਚੋਣ ਤੇ ਕੇਂਦਰ ਨੂੰ ਉਨ੍ਹਾਂ ਦੇ ਨਾਵਾਂ ਦੀ ਸਿਫਾਰਸ਼ ਕਰਦੇ ਹਨ। ਸੂਤਰਾਂ ਮੁਤਾਬਕ ਇਕ ਮੈਂਬਰ ਦੀ ਗ਼ੈਰਹਾਜ਼ਰੀ ਕਰਕੇ ਕੌਲਿਜੀਅਮ ਦੀ 30 ਸਤੰਬਰ ਲਈ ਤਜਵੀਜ਼ਤ ਮੀਟਿੰਗ ਨਹੀਂ ਹੋ ਸਕੀ ਤੇ ਉਹ ਦਸਹਿਰੇ ਦੀਆਂ ਛੁੱਟੀਆਂ ਤੋਂ ਪਹਿਲਾਂ ਆਖ਼ਰੀ ਕੰਮਕਾਜੀ ਦਿਨ ਸੀ। ਸੁਪਰੀਮ ਕੋਰਟ ਛੁੱਟੀਆਂ ਮਗਰੋਂ ਹੁਣ 10 ਅਕਤੂਬਰ ਨੂੰ ਖੁੱਲ੍ਹਣੀ ਹੈ। ਸੂਤਰਾਂ ਨੇ ਕਿਹਾ ਕਿ ਮੀਟਿੰਗ ਅੱਗੇ ਪੈਣ ਮਗਰੋਂ ਕੌਲਿਜੀਅਮ ਨੂੰ ਇਕ ਤਜਵੀਜ਼ ਭੇਜ ਕੇ ਉਨ੍ਹਾਂ ਤੋਂ ਹਾਈ ਕੋਰਟ ਦੇ ਤਿੰਨ ਚੀਫ਼ ਜਸਟਿਸਾਂ ਤੇ ਸੁਪਰੀਮ ਕੋਰਟ ਦੇ ਇਕ ਸੀਨੀਅਰ ਐਡਵੋਕੇਟ ਦੀ ਤਰੱਕੀ ਸਬੰਧੀ ਲਿਖਤੀ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਗਈ। ਰਵਾਇਤਾਂ ਮੁਤਾਬਕ ਉਚੇਰੀ ਨਿਆਂਪਾਲਿਕਾ ਵਿੱਚ ਜੱਜਾਂ ਦੀ ਨਿਯੁਕਤੀ ਤੇ ਤਰੱਕੀ ਸਬੰਧੀ ਸੰਭਾਵੀ ਨਾਵਾਂ ’ਤੇ ਵਿਚਾਰ ਚਰਚਾ ਕੀਤੇ ਜਾਣ ਮੌਕੇ ਕੌਲਿਜੀਅਮ ਮੈਂਬਰ ਮਤਿਆਂ ’ਤੇ ਸਹੀ ਨਹੀਂ ਪਾਉਂਦੇ। ਸੂਤਰਾਂ ਨੇ ਕਿਹਾ ਕਿ ਕੌਲਿਜੀਅਮ ਦੇ ਦੋ ਮੈਂਬਰਾਂ ਨੇ ਰਵਾਇਤ ਦੇ ਉਲਟ ਅਜਿਹੀਆਂ ਤਜਵੀਜ਼ਾਂ ਬਾਰੇ ਲਿਖਤੀ ਸਹਿਮਤੀ ਦੇਣ ਨੂੰ ਲੈ ਕੇ ਇਤਰਾਜ਼ ਜਤਾਇਆ ਸੀ। ਦੱਸ ਦਈਏ ਕਿ ਸੀਨੀਅਰ ਐਡਵੋਕੇਟ ਕੇ.ਵੀ.ਵਿਸ਼ਵਨਾਥਨ ਤੋਂ ਇਲਾਵਾ ਜਸਟਿਸ ਰਵੀ ਸ਼ੰਕਰ ਝਾਅ, ਜਸਟਿਸ ਸੰਜੈ ਕਰੋਲ ਤੇ ਜਸਟਿਸ ਪੀ.ਵੀ.ਸੰਜੈ ਕੁਮਾਰ, ਜੋ ਕ੍ਰਮਵਾਰ ਪੰਜਾਬ ਤੇ ਹਰਿਆਣਾ, ਪਟਨਾ ਅਤੇ ਮਨੀਪੁਰ ਹਾਈ ਕੋਰਟਾਂ ਦੇ ਚੀਫ਼ ਜਸਟਿਸ ਹਨ, ਦੇ ਨਾਂ ਸਹਿਮਤੀ ਲਈ ਕੌਲਿਜੀਅਮ ਮੈਂਬਰਾਂ ਨੂੰ ਭੇਜੇ ਗਏ ਸਨ। ਕੌਲਿਜੀਅਮ ਨੇ 30 ਸਤੰਬਰ ਨੂੰ ਜਾਰੀ ਬਿਆਨ ਵਿੱਚ ਹਾਈ ਕੋਰਟ ਦੇ ਤਿੰਨ ਜੱਜਾਂ ਜਸਟਿਸ ਜਸਵੰਤ ਸਿੰਘ, ਜਸਟਿਸ ਪੀ.ਬੀ.ਵਰਾਲੇ ਤੇ ਜਸਟਿਸ ਅਲੀ ਮੁਹੰਮਦ ਮਗਰੇ ਨੂੰ ਕ੍ਰਮਵਾਰ ਉੜੀਸਾ, ਕਰਨਾਟਕ ਤੇ ਜੰਮੂ ਕਸ਼ਮੀਰ ਹਾਈ ਕੋਰਟਾਂ ਦਾ ਚੀਫ਼ ਜਸਟਿਸ ਲਾਉਣ ਦੀ ਵੀ ਸਿਫਾਰਸ਼ ਕੀਤੀ ਸੀ। ਇਸੇ ਤਰ੍ਹਾਂ ਹਾਈ ਕੋਰਟਾਂ ਦੇ ਦੋ ਚੀਫ਼ ਜਸਟਿਸਾਂ ਦੇ ਦੂਜੀ ਥਾਂ ਤਬਾਦਲੇ ਦੀ ਸਿਫਾਰਸ਼ ਕੀਤੀ ਗਈ ਸੀ। -ਪੀਟੀਆਈ