ਨਵੀਂ ਦਿੱਲੀ, 25 ਮਈ
ਸਰਕਾਰ ਨੇ ਨਾਗਪੁਰ ਵਿੱਚ ਸਥਿਤ ਐੱਨਡੀਆਰਐੱਫ ਅਕੈਡਮੀ ਵਿੱਚ ਨਿਰਦੇਸ਼ਕ ਦਾ ਅਹੁਦਾ ਕਾਇਮ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। ਸੀਨੀਅਰ ਪ੍ਰਸ਼ਾਸਕੀ ਗਰੇਡ ਵਿੱਚ ਇਹ ਅਹੁਦਾ ਕਾਇਮ ਕਰਨ ਸਬੰਧੀ ਮਨਜ਼ੂਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਦਿੱਤੀ ਗਈ। ਅਕੈਡਮੀ ਵਿੱਚ ਇਸ ਅਹੁਦੇ ਦੇ ਕਾਇਮ ਹੋਣ ਨਾਲ ਸੰਸਥਾ ਦੀ ਕਮਾਂਡ ਅਤੇ ਕੰਟਰੋਲ ਇੱਕ ਸੀਨੀਅਰ ਅਤੇ ਅਨੁਭਵੀ ਅਧਿਕਾਰੀ ਨੂੰ ਸੌਂਪ ਦਿੱਤਾ ਜਾਵੇਗਾ। ਅਕੈਡਮੀ ਵੱਲੋਂ ਐੱਨਡੀਆਰਐੱਫ, ਐੱਸਡੀਆਰਐੱਫ ਅਤੇ ਹੋਰ ਏਜੰਸੀਆਂ ਤੋਂ ਇਲਾਵਾ ਸਾਰਕ ਅਤੇ ਹੋਰ ਮੁਲਕਾਂ ਦੀਆਂ ਆਫ਼ਤ ਪ੍ਰਬੰਧਨ ਏਜੰਸੀਆਂ ਦੇ 5,000 ਤੋਂ ਵੱਧ ਮੁਲਾਜ਼ਮਾਂ ਨੂੰ ਕੌਸ਼ਲ ਅਧਾਰਤ ਪ੍ਰੈਕਟੀਕਲ ਟਰੇਨਿੰਗ ਦਿੱਤੀ ਜਾਵੇਗੀ। ਇਸ ਵੱਲੋਂ ਏਜੰਸੀਆਂ ਦੀਆਂ ਸਮੇਂ ਨਾਲ ਬਦਲਦੀਆਂ ਜ਼ਰੂਰਤਾਂ ਪੂਰੀਆਂ ਕਰਨ ਵੱਲ ਧਿਆਨ ਦਿੱਤਾ ਜਾਵੇਗਾ। -ਪੀਟੀਆਈ