ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਵੇਦਾਂਤਾ ਨੂੰ ਤਾਮਿਲ ਨਾਡੂ ਦੇ ਟੂਟੀਕੋਰਿਨ ਸਥਿਤ ਆਕਸੀਜਨ ਪਲਾਂਟ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਆਕਸੀਜਨ ਦੀ ਕੌਮੀ ਲੋੜ ਨੂੰ ਧਿਆਨ ’ਚ ਰੱਖਦਿਆਂ ਇਹ ਹੁਕਮ ਪਾਸ ਕੀਤਾ ਗਿਆ ਹੈ। ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਐੱਲ ਨਾਗੇਸ਼ਵਰ ਤੇ ਜਸਟਿਸ ਐੱਸ ਰਵਿੰਦਰ ਭੱਟ ਦੇ ਬੈਂਚ ਨੇ ਕਿਹਾ ਕਿ ਇਸ ਹੁਕਮ ਦੀ ਆੜ ਹੇਠ ਵੇਦਾਂਤਾ ਨੂੰ ਤਾਂਬਾ ਪਿਘਲਾਉਣ ਵਾਲੇ ਪਲਾਂਟ ’ਚ ਦਾਖਲ ਹੋਣ ਅਤੇ ਇਸ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸਿਖਰਲੀ ਅਦਾਲਤ ਨੇ ਕਿਹਾ ਕਿ ਵੇਦਾਂਤਾ ਵੱਲੋਂ ਆਕਸੀਜਨ ਉਤਪਾਦਨ ਨੂੰ ਲੈ ਕੇ ਸਿਆਸਤ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਸਮੇਂ ਦੇਸ਼ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਅਦਾਲਤ ਨੇ ਕਿਹਾ ਕਿ ਵੇਦਾਂਤਾ ਨੂੰ ਆਕਸੀਜਨ ਪਲਾਂਟ ਚਲਾਉਣ ਦੀ ਇਜਾਜ਼ਤ ਦੇਣ ਦਾ ਹੁਕਮ ਕਿਸੇ ਵੀ ਤਰ੍ਹਾਂ ਕੰਪਨੀ ਦੇ ਹਿੱਤ ’ਚ ਕਿਸੇ ਤਰ੍ਹਾਂ ਦੀ ਸੁਰਜੀਤੀ ਨਹੀਂ ਮੰਨਿਆ ਜਾਵੇਗਾ। ਅਦਾਲਤ ਨੇ ਤਾਮਿਲ ਨਾਡੂ ਸਰਕਾਰ ਨੂੰ ਆਕਸੀਜਨ ਪਲਾਂਟ ’ਚ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਜ਼ਿਲ੍ਹਾ ਕੁਲੈਕਟਰ ਅਤੇ ਟੂਟੀਕੋਰਿਨ ਦੇ ਪੁਲੀਸ ਇੰਚਾਰਜ ਨੂੰ ਸ਼ਾਮਲ ਕਰਕੇ ਇਕ ਕਮੇਟੀ ਕਾਇਮ ਕਰਨ ਦਾ ਨਿਰਦੇਸ਼ ਦਿੱਤਾ ਹੈ। -ਪੀਟੀਆਈ