ਨਵੀਂ ਦਿੱਲੀ, 17 ਜੂਨ
ਮੁੱਖ ਅੰਸ਼
- 10ਵੀਂ, 11ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਆਧਾਰ ’ਤੇ ਮਿਲਣਗੇ ਨੰਬਰ
- 30:30:40 ਦਾ ਫਾਰਮੂਲਾ ਤੈਅ
-
ਬੋਰਡ ਪ੍ਰੀਖਿਆਵਾਂ ਰੱਦ ਕਰਨ ਦੇ ਫ਼ੈਸਲੇ ’ਤੇ ਨਜ਼ਰਸਾਨੀ ਨਹੀਂ ਹੋਵੇਗੀ: ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਦੇ ਫ਼ੈਸਲੇ ਨੂੰ ਵਾਪਸ ਨਹੀਂ ਲਿਆ ਜਾਵੇਗਾ। ਇਸ ਦੇ ਨਾਲ ਹੀ ਸਿਖਰਲੀ ਅਦਾਲਤ ਨੇ ਸੀਆਈਐੱਸਸੀਈ ਅਤੇ ਸੀਬੀਐੱਸਈ ਦੀਆਂ ਮੁਲਾਂਕਣ ਯੋਜਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਯੋਜਨਾ ਤਹਿਤ 10ਵੀਂ, 11ਵੀਂ ਅਤੇ 12ਵੀਂ ਦੇ ਨਤੀਜਿਆਂ ਦੇ ਆਧਾਰ ’ਤੇ ਨੰਬਰਾਂ ਲਈ ਕ੍ਰਮਵਾਰ 30:30:40 ਦਾ ਫਾਰਮੂਲਾ ਅਪਣਾਇਆ ਜਾਵੇਗਾ। ਉਂਜ ਕਾਊਂਸਿਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀਆਈਐੱਸਸੀਈ) ਨੇ ਕਿਹਾ ਹੈ ਕਿ ਉਹ ਮੁਲਾਂਕਣ ਲਈ ਆਪਣੇ ਵਿਦਿਆਰਥੀਆਂ ਦੀਆਂ ਆਖਰੀ ਛੇ ਜਮਾਤਾਂ ਦੀ ਕਾਰਗੁਜ਼ਾਰੀ ਨੂੰ ਦੇਖੇਗੀ। ਹਾਲਾਂਕਿ ਸੀਬੀਐੱਸਈ ਨੇ ਸਿਰਫ਼ 10ਵੀਂ, 11ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਆਧਾਰ ’ਤੇ ਨਤੀਜੇ ਤਿਆਰ ਕਰਨ ਦਾ ਫ਼ੈਸਲਾ ਲਿਆ ਹੈ। ਦੋਵੇਂ ਬੋਰਡਾਂ ਨੇ ਕਿਹਾ ਹੈ ਕਿ ਉਹ 31 ਜੁਲਾਈ ਜਾਂ ਉਸ ਤੋਂ ਪਹਿਲਾਂ ਨਤੀਜਿਆਂ ਦਾ ਐਲਾਨ ਕਰ ਦੇਣਗੇ। ਸੀਬੀਐੱਸਈ ਨੇ ਕਿਹਾ ਕਿ ਉਹ 10ਵੀਂ ਅਤੇ 11ਵੀਂ ਜਮਾਤ ਦੇ ਸਭ ਤੋਂ ਜ਼ਿਆਦਾ ਨੰਬਰਾਂ ਵਾਲੇ ਤਿੰਨ ਵਿਸ਼ਿਆਂ ’ਤੇ ਆਧਾਰਿਤ 30-30 ਫ਼ੀਸਦ ਨੰਬਰ ਅਤੇ 12ਵੀਂ ਦੇ ਯੂਨਿਟ, ਛਿਮਾਹੀ ਅਤੇ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਆਧਾਰ ’ਤੇ 40 ਫ਼ੀਸਦੀ ਨੰਬਰ ਲਾਵੇਗੀ। ਉਨ੍ਹਾਂ ਕਿਹਾ ਕਿ ਸਕੂਲਾਂ ਵੱਲੋਂ ਸੀਬੀਐੱਸਈ ਪੋਰਟਲ ’ਤੇ ਅਪਲੋਡ ਕੀਤੇ ਗਏ 12ਵੀਂ ਦੇ ਵਿਦਿਆਰਥੀਆਂ ਦੇ ਪ੍ਰੈਕਟੀਕਲ ਅਤੇ ਇੰਟਰਨਲ ਮੁਲਾਂਕਣ ’ਚ ਹਾਸਲ ਕੀਤੇ ਗਏ ਨੰਬਰਾਂ ਨੂੰ ਵੀ ਅੰਤਿਮ ਨਤੀਜੇ ਤਿਆਰ ਕਰਨ ਵੇਲੇ ਧਿਆਨ ’ਚ ਰੱਖਿਆ ਜਾਵੇਗਾ। ਜਸਟਿਸ ਏ.ਐੱਮ. ਖਾਨਵਿਲਕਰ ਅਤੇ ਦਿਨੇਸ਼ ਮਹੇਸ਼ਵਰੀ ਦੇ ਸਪੈਸ਼ਲ ਵੈਕੇਸ਼ਨ ਬੈਂਚ ਨੇ ਸੀਨੀਅਰ ਵਕੀਲ ਵਿਕਾਸ ਸਿੰਘ ਵੱਲੋਂ ਕਾਮਨ ਲਾਅ ਐਡਮਿਸ਼ਨ ਟੈਸਟ (ਕਲੈਟ) ਵਰਗੇ ਟੈਸਟ ਪ੍ਰਤੱਖ ਤੌਰ ’ਤੇ ਕਰਾਉਣ ਦਾ ਹਵਾਲਾ ਦਿੰਦਿਆਂ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੇ ਫ਼ੈਸਲੇ ਦੀ ਸਮੀਖਿਆ ਕਰਨ ਦੀ ਮੰਗ ਵਾਲੀ ਅਰਜ਼ੀ ਨੂੰ ਰੱਦ ਕਰ ਦਿੱਤਾ। ਬੈਂਚ ਨੇ ਕਿਹਾ ਕਿ ਜੇਕਰ ਵਿਦਿਆਰਥੀ ਨੰਬਰਾਂ ’ਚ ਸੁਧਾਰ ਲਈ ਪ੍ਰੀਖਿਆ ਦੇਣਾ ਚਾਹੁੰਦੇ ਹਨ ਤਾਂ ਉਹ ਇੰਜ ਕਰ ਸਕਦੇ ਹਨ। ਦੋਵੇਂ ਬੋਰਡਾਂ ਨੇ ਬੈਂਚ ਵੱਲੋਂ ਦਿੱਤੇ ਸੁਝਾਵਾਂ ’ਤੇ ਸਹਿਮਤੀ ਜਤਾਈ ਅਤੇ ਕੇਸ ਦੀ ਸੁਣਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ। ਸੀਬੀਐੱਸਈ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਨੇ ਕਿਹਾ ਕਿ ਸੀਬੀਐੱਸਈ ਦੇ 1929 ’ਚ ਗਠਨ ਤੋਂ ਲੈ ਕੇ ਹੁਣ ਤੱਕ ਅਜਿਹੇ ਹਾਲਾਤ ਕਦੇ ਵੀ ਨਹੀਂ ਵਾਪਰੇ ਸਨ। ਉਨ੍ਹਾਂ ਕਿਹਾ ਕਿ ਮੁਲਾਂਕਣ ਦਾ ਪੈਮਾਨਾ ਮਾਹਿਰਾਂ ਦੀ ਕਮੇਟੀ ਵੱਲੋਂ ਤੈਅ ਕੀਤਾ ਗਿਆ ਹੈ। ਸੁਣਵਾਈ ਦੌਰਾਨ ਬੈਂਚ ਨੇ ਕਿਹਾ ਕਿ ਯੋਜਨਾ ’ਚ ਸ਼ਿਕਾਇਤ ਨਿਵਾਰਣ ਢਾਂਚਾ ਵੀ ਹੋਣਾ ਚਾਹੀਦਾ ਹੈ ਅਤੇ ਨਤੀਜਿਆਂ ਦੇ ਐਲਾਨ ਦਾ ਸਮਾਂ ਤੇ ਆਪਸ਼ਨਲ ਪ੍ਰੀਖਿਆਵਾਂ ਦੀ ਤਰੀਕ ਵੀ ਐਲਾਨੀ ਜਾਣੀ ਚਾਹੀਦੀ ਹੈ। ਬੈਂਚ ਨੇ ਕਿਹਾ ਕਿ ਜੇਕਰ ਇਕ ਲੱਖ ਵਿਦਿਆਰਥੀ ਆਪਸ਼ਨਲ ਪ੍ਰੀਖਿਆਵਾਂ ’ਚ ਬੈਠਣਾ ਚਾਹੁਣਗੇ ਤਾਂ ਕੋਵਿਡ ਪ੍ਰੋਟੋਕਾਲ ਨੂੰ ਧਿਆਨ ’ਚ ਰੱਖਦਿਆਂ ਇਸ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। -ਪੀਟੀਆਈ
ਸੀਬੀਐੱਸਈ ਦਾ ਮੁਲਾਂਕਣ ਫਾਰਮੂਲਾ ਸਮਾਂਬੱਧ ਪਰ ਢੁੱਕਵਾਂ ਨਹੀਂ: ਮਾਹਿਰ
ਨਵੀਂ ਦਿੱਲੀ: ਸੀਬੀਐੱਸਈ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਤੈਅ ਕੀਤੇ ਗਏ ਮੁਲਾਂਕਣ ਫਾਰਮੂਲੇ ਬਾਰੇ ਮਾਹਿਰਾਂ ਨੇ ਰਲਿਆ-ਮਿਲਿਆ ਪ੍ਰਤੀਕਰਮ ਦਿੱਤਾ ਹੈ। ਕੁਝ ਮਾਹਿਰਾਂ ਨੇ ਇਸ ਨੂੰ ਪੱਖਪਾਤ ਰਹਿਤ ਅਤੇ ਸਮਾਂਬੱਧ ਦੱਸਿਆ ਹੈ ਤਾਂ ਕੁਝ ਨੇ ਇਸ ਨੂੰ ਅਢੁੱਕਵਾਂ ਕਰਾਰ ਦਿੱਤਾ ਹੈ। ਮਾਹਿਰਾਂ ਮੁਤਾਬਕ ਸਮੇਂ ਦੇ ਨਾਲ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਸ ਫਾਰਮੂਲੇ ਨਾਲ ਨੁਕਸਾਨ ਹੋਵੇਗਾ। ਸੀਬੀਐੱਸਈ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ 10ਵੀਂ, 11ਵੀਂ ਅਤੇ 12ਵੀਂ ਜਮਾਤਾਂ ਦੇ ਨਤੀਜਿਆਂ ਦੇ ਆਧਾਰ ’ਤੇ 12ਵੀਂ ਦੇ ਵਿਦਿਆਰਥੀਆਂ ਦੇ ਮੁਲਾਂਕਣ ’ਚ ਕ੍ਰਮਵਾਰ 30:30:40 ਦਾ ਫਾਰਮੂਲਾ ਅਪਣਾਏਗੀ। ਗੁਣਵੱਤਾ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਕੰਮ ’ਚ ਲੱਗੀ ਫਿੱਕੀ ਅਰਾਈਜ਼ ਦੇ ਚੇਅਰਮੈਨ ਮਾਨਿਤ ਜੈਨ ਨੇ ਕਿਹਾ,‘‘ਇਹ ਗਲਤ ਵਿਵਸਥਾ ਹੈ। ਅਜਿਹੇ ਮਾਪਦੰਡਾਂ ਨਾਲ ਕੋਈ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦਾ ਹੈ। ਖਾਸ ਕਰਕੇ ਜਦੋਂ ਇਕ ਸਾਲ ’ਚ ਵਿਦਿਆਰਥੀਆਂ ਨੂੰ ਕਈ ਪ੍ਰੇਸ਼ਾਨੀਆਂ ’ਚੋਂ ਗੁਜ਼ਰਨਾ ਪਿਆ ਹੈ। ਸੀਬੀਐੱਸਈ ਵੱਲੋਂ 10ਵੀਂ ਜਮਾਤ ਲਈ ਜਾਰੀ ਮੁਲਾਂਕਣ ਫਾਰਮੂਲਾ ਜ਼ਿਆਦਾ ਬਿਹਤਰ ਸੀ।’’ ਦਿ ਹੈਰੀਟੇਜ ਸਕੂਲ ਦੇ ਸੀਈਓ ਵਿਸ਼ਨੂ ਕਾਰਤਿਕ ਮੁਤਾਬਕ ਸੀਬੀਐੱਸਈ ਵੱਲੋਂ ਤੈਅ ਫਾਰਮੂਲਾ ਸਮਾਂਬੱਧ ਲਾਗੂ ਕੀਤੀ ਜਾਣ ਵਾਲੀ ਰੂਪ-ਰੇਖਾ ਹੈ ਪਰ ਇਹ ਸਹੀ ਪ੍ਰਕਿਰਿਆ ਤੋਂ ਕਿਤੇ ਦੂਰ ਹੈ। ਉਨ੍ਹਾਂ ਕਿਹਾ ਕਿ 10ਵੀਂ ਦੇ ਤਿੰਨ ਬਿਹਤਰ ਵਿਸ਼ਿਆਂ ਦੇ ਅੰਕ ਸ਼ਾਮਲ ਕਰਨ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ ਕਿਉਂਕਿ ਉਨ੍ਹਾਂ ਦਾ 12ਵੀਂ ਦੇ ਵਿਸ਼ਿਆਂ ’ਤੇ ਕੋਈ ਅਸਰ ਨਹੀਂ ਹੁੰਦਾ ਹੈ। -ਪੀਟੀਆਈ