ਨਵੀਂ ਦਿੱਲੀ, 20 ਅਪਰੈਲ
ਕੇਂਦਰੀ ਮੰਤਰੀ ਮੰਡਲ ਨੇ ਤਾਲਚਰ ਫਰਟੀਲਾਈਜ਼ਰਸ ਲਿਮਟਿਡ (ਟੀਐੱਫਐੱਲ) ਵੱਲੋਂ ਕੋਲਾ ਗੈਸੀਫਿਕੇਸ਼ਨ ਰਾਹੀਂ ਉਤਪਾਦਿਤ ਯੂਰੀਆ ਲਈ ਵਿਸ਼ੇਸ਼ ਸਬਸਿਡੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਟੀਐੱਫਐੱਲ ਦਾ ਗਠਨ 2015 ’ਚ ਹੋਇਆ ਸੀ ਅਤੇ ਇਹ ਗੇਲ ਇੰਡੀਆ, ਕੋਲ ਇੰਡੀਆ, ਰਾਸ਼ਟਰੀ ਕੈਮੀਕਲਜ਼ ਐਂਡ ਫਰਟੀਲਾਈਜ਼ਰਜ਼ ਅਤੇ ਫਰਟੀਲਾਈਜ਼ਰ ਕਾਰਪੋਰੇਸ਼ਨ ਦਾ ਸਾਂਝਾ ਉੱਦਮ ਹੈ। ਟੀਐੱਫਐੱਲ ਵੱਲੋਂ ਤਾਲਚਰ ਪਲਾਂਟ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਇਸ ਤਹਿਤ ਉਹ ਉੜੀਸਾ ’ਚ 12.7 ਲੱਖ ਟਨ ਸਾਲਾਨਾ ਸਥਾਪਿਤ ਸਮਰੱਥਾ ਦਾ ਨਵਾਂ ਯੂਰੀਆ ਕਾਰਖਾਨਾ ਲਗਾ ਰਿਹਾ ਹੈ। ਇਸ ਪ੍ਰਾਜੈਕਟ ਦੀ ਅੰਦਾਜ਼ਨ ਲਾਗਤ 13,2771.21 ਕਰੋੜ ਰੁਪਏ ਹੈ। ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਲਾ ਗੈਸੀਫਿਕੇਸ਼ਨ ਪਲਾਂਟ ਰਣਨੀਤਕ ਤੌਰ ’ਤੇ ਅਹਿਮ ਹਨ ਕਿਉਂਕਿ ਕੋਲਾ ਕੀਮਤਾਂ ਬਹੁਤ ਹੀ ਘੱਟ-ਵੱਧ ਹੁੰਦੀਆਂ ਹਨ। -ਪੀਟੀਆਈ