ਨਵੀਂ ਦਿੱਲੀ, 11 ਜੁਲਾਈ
ਕਲੀਨਿਕਲ ਖੋਜ ਡੇਟਾ ਦੇ ਅਧਾਰ ’ਤੇ ਭਾਰਤੀ ਡਰੱਗ ਰੈਗੂਲੇਟਰ ਨੇ ਕੋਵਿਡ ਮਰੀਜ਼ਾਂ ਲਈ ‘ਆਇਟੋਲੀਜ਼ੁਮੈਬ’ ਨਾਂ ਦੀ ਦਵਾਈ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਦਵਾਈ ਚਮੜੀ ਨਾਲ ਸਬੰਧਤ ‘ਸੋਰਾਇਸਿਸ’ ਰੋਗ ਦੇ ਇਲਾਜ ’ਚ ਕੰਮ ਆਉਂਦੀ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਇਸ ਨੂੰ ਦਰਮਿਆਨੇ ਤੋਂ ਗੰਭੀਰ ਪੱਧਰ ਦੇ ਮਰੀਜ਼ਾਂ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ’ਤੇ ਦਿੱਤਾ ਜਾ ਸਕਦਾ ਹੈ। ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਡਾ. ਵੀ.ਜੀ. ਸੋਮਾਨੀ ਨੇ ‘ਆਇਟੋਲੀਜ਼ੁਮੈਬ’ ਟੀਕੇ ਨੂੰ ਸ਼ੁੱਕਰਵਾਰ ਨੂੰ ਵਰਤੋਂ ਲਈ ਪ੍ਰਵਾਨਗੀ ਦਿੱਤੀ ਹੈ। ਇਸ ਨੂੰ ਭਾਰਤ ਦੀ ਹੀ ‘ਬਾਇਓਕੌਨ ਫਾਰਮਾ’ ਕੰਪਨੀ ਤਿਆਰ ਕਰਦੀ ਹੈ। ਇਹ ਇਕ ‘ਮੋਨੋਕਲੋਨਲ ਐਂਟੀਬਾਡੀ ਡਰੱਗ’ ਹੈ ਤੇ 2013 ਤੋਂ ‘ਐਲਜ਼ੂਮੈਬ’ ਬਰਾਂਡ ਹੇਠ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। -ਆਈਏਐਨਐੱਸ