ਸ੍ਰੀਨਗਰ/ਨਵੀਂ ਦਿੱਲੀ, 24 ਜੁਲਾਈ
ਫਰਜ਼ੀ ਦਸਤਾਵੇਜ਼ਾਂ ’ਤੇ ਹਥਿਆਰਾਂ ਦੇ 2.78 ਲੱਖ ਤੋਂ ਜ਼ਿਆਦਾ ਲਾਇਸੈਂਸ ਗ਼ੈਰ-ਵਸਨੀਕਾਂ ਨੂੰ ਜਾਰੀ ਕਰਨ ਦੇ ਮਾਮਲੇ ’ਚ ਅੱਜ ਸੀਬੀਆਈ ਨੇ ਜੰਮੂ ਕਸ਼ਮੀਰ ਅਤੇ ਕੌਮੀ ਰਾਜਧਾਨੀ ਦਿੱਲੀ ’ਚ 40 ਥਾਵਾਂ ’ਤੇ ਛਾਪੇ ਮਾਰੇ। ਸੀਬੀਆਈ ਦੇ ਤਰਜਮਾਨ ਨੇ ਬਿਆਨ ’ਚ ਕਿਹਾ ਕਿ ਇਹ ਛਾਪੇ ਜੰਮੂ, ਸ੍ਰੀਨਗਰ, ਊਧਮਪੁਰ, ਰਾਜੌਰੀ, ਅਨੰਤਨਾਗ, ਬਾਰਾਮੂਲਾ ਅਤੇ ਦਿੱਲੀ ’ਚ 20 ਗੰਨ ਹਾਊਸਾਂ, ਆਈਏਐੱਸ ਅਫ਼ਸਰਾਂ ਸਮੇਤ ਹੋਰ ਅਧਿਕਾਰੀਆਂ ਦੇ ਦਫ਼ਤਰਾਂ ਅਤੇ ਰਿਹਾਇਸ਼ੀ ਟਿਕਾਣਿਆਂ ’ਤੇ ਮਾਰੇ ਗਏ ਹਨ। ਦੋ ਆਈਏਐੱਸ ਅਫ਼ਸਰਾਂ ਸ਼ਾਹਿਦ ਇਕਬਾਲ ਚੌਧਰੀ ਅਤੇ ਨੀਰਜ ਕੁਮਾਰ ਦੇ ਟਿਕਾਣਿਆਂ ’ਤੇ ਵੀ ਤਲਾਸ਼ੀ ਲਈ ਗਈ। ਕਸ਼ਮੀਰ ਪ੍ਰਸ਼ਾਸਕੀ ਸਰਵਿਸ ਦੇ ਸੇਵਾਮੁਕਤ ਅਧਿਕਾਰੀ ਸ਼ਬੀਰ ਅਹਿਮਦ ਭੱਟ ਦੀ ਰਿਹਾਇਸ਼ ’ਤੇ ਵੀ ਛਾਪੇ ਮਾਰੇ ਗਏ। ਸੀਬੀਆਈ ਨੇ ਦਸੰਬਰ 2019 ’ਚ ਸ੍ਰੀਨਗਰ, ਜੰਮੂ, ਗੁੜਗਾਉਂ ਅਤੇ ਨੋਇਡਾ ’ਚ ਦਰਜਨ ਕੁ ਥਾਵਾਂ ’ਤੇ ਵੀ ਛਾਪੇ ਮਾਰੇ ਸਨ। ਏਟੀਐੱਸ ਦੀ ਜਾਂਚ ਮਗਰੋਂ ਜੰਮੂ ਕਸ਼ਮੀਰ ਦੇ ਤਤਕਾਲੀ ਰਾਜਪਾਲ ਐੱਨ ਐੱਨ ਵੋਹਰਾ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕੀਤੀ ਸੀ। -ਪੀਟੀਆਈ
ਅਫ਼ਸਰ ਵੱਲੋਂ ਬੇਨਿਯਮੀਆਂ ਤੋਂ ਇਨਕਾਰ
ਜੰਮੂ ਕਸ਼ਮੀਰ ਸਰਕਾਰ ’ਚ ਕਬਾਇਲੀ ਮਾਮਲਿਆਂ ਦੇ ਸਕੱਤਰ ਵਜੋਂ ਤਾਇਨਾਤ ਆਈਏਐੱਸ ਅਧਿਕਾਰੀ ਸ਼ਾਹਿਦ ਇਕਬਾਲ ਚੌਧਰੀ ਨੇ ਕਿਹਾ ਕਿ ਹਥਿਆਰਾਂ ਦੇ ਲਾਇਸੈਂਸਾਂ ਦੀ ਜਾਂਚ ਦੌਰਾਨ ਉਨ੍ਹਾਂ ਦੀ ਰਿਹਾਇਸ਼ ਤੋਂ ਕੋਈ ਵੀ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਊਧਮਪੁਰ ’ਚ ਜਾਰੀ 36 ਹਜ਼ਾਰ ਲਾਇਸੈਂਸਾਂ ’ਚੋਂ 2012 ਤੋਂ 2016 ਦੌਰਾਨ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਿਰਫ਼ 1500 ਲਾਇਸੈਂਸ ਜਾਰੀ ਕੀਤੇ ਗਏ ਸਨ। ਉਨ੍ਹਾਂ ਜਾਂਚ ਏਜੰਸੀ ਨੂੰ ਪੂਰਾ ਸਹਿਯੋਗ ਦਿੱਤਾ ਅਤੇ ਭਵਿੱਖ ’ਚ ਵੀ ਉਹ ਪੁੱਛ-ਪੜਤਾਲ ਲਈ ਤਿਆਰ ਹਨ। ਚੌਧਰੀ ਨੇ ਕਿਹਾ ਕਿ ਤਿੰਨ ਜ਼ਿਲ੍ਹਿਆਂ ਰਿਆਸੀ, ਕਠੂਆ ਅਤੇ ਊਧਮਪੁਰ ’ਚ 56 ਹਜ਼ਾਰ ਲਾਇਸੈਂਸ ਜਾਰੀ ਕੀਤੇ ਗਏ ਸਨ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ 1720 ਲਾਇਸੈਂਸ ਹੀ ਜਾਰੀ ਹੋਏ ਸਨ। -ਪੀਟੀਆਈ