ਪੁਣੇ, 20 ਦਸੰਬਰ
ਭਾਰਤੀ ਫੌਜ ਦੇ ਮੁਖੀ ਜਨਰਲ ਐੱਮ.ਐੱਮ. ਨਰਵਾਣੇ ਨੇ ਸੋਮਵਾਰ ਨੂੰ ਕਿਹਾ ਕਿ ਕਰੋਨਾ ਮਹਾਂਮਾਰੀ ਨੇ ਹਰ ਕਿਸੇ ਨੂੰ ਬਹੁਤ ਕੁਝ ਸਿਖਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹਾਂਮਾਰੀ ਵਰਗੀ ਸਥਿਤੀ ਨਾਲ ਨਜਿੱਠਣ ਲਈ ਆਲਮੀ ਤੇ ਖੇਤਰੀ ਸਹਿਯੋਗ ਦੀ ਅਹਿਮੀਅਤ ਨੂੰ ਵੀ ਉਭਾਰਿਆ। ਜਨਰਲ ਨਰਵਾਣੇ ਨੇ ਇੱਥੇ ਬਹੁਕੌਮੀ, ਬਹੁ-ਏਜੰਸੀ ਅਭਿਆਸ ਪੈਨੈਕਸ-21 ਦੇ ਉਦਾਘਾਟਨ ਮੌਕੇ ਕਿਹਾ ਕਿ ਦੁਨੀਆ ਵਿੱਚ ਕਰੋਨਾ ਮਹਾਂਮਾਰੀ ਸਾਰਿਆਂ ਨੂੰ ਇਹਤਿਆਤੀ ਕੰਟਰੋਲ, ਕੰਟਰੋਲ ਦੀ ਰਣਨੀਤੀ ਅਤੇ ਪ੍ਰੋਟੋਕੋਲ ਸਬੰਧੀ ਕਈ ਸਬਕ ਸਿਖਾਏ ਹਨ। ਇਸ ਅਭਿਆਸ ਦਾ ਮਕਸਦ ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਲਈ ‘ਬੰਗਾਲ ਦੀ ਖਾੜੀ ਪਹਿਲ’ (ਬਿਮਸਟੈਕ) ਦੇਸ਼ਾਂ ਲਈ ਆਫ਼ਤ ਪ੍ਰਬੰਧਨ ਪਹਿਲੂਆਂ ਵਿੱਚ ਸਹਿਯੋਗ ਨੂੰ ਵਧਾਉਣਾ ਅਤੇ ਸਮਰੱਥਾ ਦਾ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ, ‘‘ਅਸੀਂ ਸਾਰਿਆਂ ਨੇ ਸਾਲ 2019 ਦੇ ਅੰਤ ਵਿੱਚ ਆਈ ਕਰੋਨਾ ਮਹਾਂਮਾਰੀ ਕਾਰਨ ਆਈ ਆਫ਼ਤ ਨੂੰ ਦੇਖਿਆ, ਜੋ ਹਾਲੇ ਵੀ ਕਈ ਦੇਸ਼ਾਂ ਨੂੰ ਪ੍ਰਭਾਵਿਤ ਕਰ ਰਹੀ ਹੈ।’’ ਉਨ੍ਹਾਂ ਮੁਤਾਬਕ, ‘‘ਭਾਰਤ ਨੇ ਇਸ ਅਪਰੈਲ-ਮਈ ਵਿੱਚ ਕਰੋਨਾ ਦੀ ਦੂਰੀ ਲਹਿਰ ਦੌਰਾਨ ਗੰਭੀਰ ਪ੍ਰਭਾਵ ਦੇਖੇ ਹਨ, ਜਿਸ ਨਾਲ ਕਈ ਕੀਮਤੀ ਜਾਨਾਂ ਗਈਆਂ। ਅਸਲ ਵਿੱਚ ਇਸ ਮਹਾਮਾਰੀ ਨੇ ਚੁਣੌਤੀਆਂ ਨਾਲ ਨਜਿੱਠਣ ਅਤੇ ਇਸ ’ਤੇ ਜਲਦ ਕੰਟਰੋਲ ਲਈ ਆਲਮੀ ਭਾਈਚਾਰੇ ਨੂੰ ਇਕਜੁੱਟ ਕੀਤਾ ਹੈ। ਟੀਕਿਆਂ ਦਾ ਵਿਕਾਸ ਅਤੇ ਜਲਦੀ ਟੀਕਾਕਰਨ ਇਸ ਸਬੰਧ ਵਿੱਚ ਵੱਡਾ ਕਦਮ ਹੈ।’’ ਸ੍ਰੀ ਨਰਵਾਣੇ ਨੇ ਕਿਹਾ, ‘‘ਦੇਸ਼ ਚੰਗੀ ਵਾਕਿਫ ਹੈ ਕਿ ਕੋਈ ਕੁਦਰਤੀ ਆਫ਼ਤ ਮਹਾਮਾਰੀ ਦੀ ਸਥਿਤੀ ਠੀਕ ਹੋਣ ਦੀ ਉਡੀਕ ਨਹੀਂ ਕਰੇਗੀ। ਦੋਹਰੀ ਆਫ਼ਤ ਇੱਕ ਮੌਜੂਦਾ ਸਚਾਈ ਹੈ, ਜਿਸ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ ਤਾਂ ਕਿ ਇਸ ਦਾ ਅਸਰ ਘਟਾਇਆ ਜਾ ਸਕੇ। ਇਸ ਕਰਕੇ ਇਸ ’ਤੇ ਖੇਤਰੀ ਸਹਿਯੋਗ ਹਾਸਲ ਕਰਨ ਲਈ ਕੌਮਾਂਤਰੀ ਸਹਿਯੋਗ ਦੀ ਅਹਿਮੀਅਤ ਜ਼ਰੂਰੀ ਹੈ।’’ ਉਨ੍ਹਾਂ ਕਿਹਾ ਕਿ ‘ਬਿਮਸਟੈਕ’ ਮੈਂਬਰ ਦੇਸ਼ਾਂ ਦੇ ਅਜਿਹਾ ਗਰੁੱਪ ਹੈ, ਜਿਹੜੇ ਵਿੱਚ ਸਮਾਨਤਾਵਾਂ ਸਾਂਝੀਆਂ ਹਨ ਅਤੇ ਸਾਲਾਂ ਤੋਂ ਸੱਭਿਆਚਾਰਕ ਅਤੇ ਆਰਥਿਕ ਤੌਰ ’ਤੇ ਇੱਕ ਦੂਜੇ ਨਾਲ ਜੁੜੇ ਹੋਏ ਹਨ। ਜ਼ਿਕਰਯੋਗ ਹੈ ਕਿ ‘‘ਬਿਮਸਟੈਕ’’ ਦੇ ਮੈਂਬਰਾਂ ਵਿੱਚ ਭਾਰਤ ਤੋਂ ਇਲਾਵਾ ਬੰਗਲਾਦੇਸ਼, ਭੂਟਾਨ, ਮਿਆਂਮਾਰ, ਨੇਪਾਲ, ਸ੍ਰੀਲੰਕਾ ਅਤੇ ਥਾਈਲੈਂਡ ਸ਼ਾਮਲ ਹਨ। -ਪੀਟੀਆਈ