ਈਟਾਨਗਰ: ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਸਿਆਂਗ ਜ਼ਿਲ੍ਹੇ ਦੇ ਮਿਗਿੰਗ ਵਿੱਚ ਅੱਜ ਸਵੇਰੇ ਫੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਚਾਰ ਜਵਾਨਾਂ ਦੀ ਮੌਤ ਹੋ ਗਈ। ਹੈਲੀਕਾਪਟਰ ਵਿੱਚ ਫੌਜ ਦੇ ਪੰਜ ਜਵਾਨ ਸਵਾਰ ਸਨ ਅਤੇ ਉਹ ਰੁਟੀਨ ਉਡਾਣ ’ਤੇ ਸੀ। ਰੱਖਿਆ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 10:43 ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ਵਿੱਚ ਫੌਜ ਦੇ ਪੰਜ ਜਵਾਨ ਸਵਾਰ ਸਨ, ਜਿਨ੍ਹਾਂ ’ਚੋਂ ਚਾਰ ਦੀ ਮੌਤ ਹੋ ਗਈ ਹੈ। ਪੰਜਵੇਂ ਜਵਾਨ ਦੀ ਭਾਲ ਜਾਰੀ ਹੈ। ਤੇਜਪੁਰ ਦੇ ਰੱਖਿਆ ਤਰਜਮਾਨ ਲੈਫਟੀਨੈਂਟ ਕਰਨਲ ਏਐੱਸ ਵਾਲੀਆ ਨੇ ਦੱਸਿਆ ਕਿ ਰਾਹਤ ਟੀਮ ਮੌਕੇ ’ਤੇ ਪਹੁੰਚ ਗਈ ਹੈ ਅਤੇ ਖੋਜ ਮੁਹਿੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਖੋਜ ਅਤੇ ਰਾਹਤ ਕਾਰਜ ਲਈ ਦੋ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ। ਅੱਪਰ ਸਿਆਂਗ ਦੇ ਐੱਸਪੀ ਜੁੰਮਰ ਬਸਰ ਨੇ ਦੱਸਿਆ ਕਿ ਹਾਦਸਾ ਪਹਾੜੀ ਇਲਾਕੇ ਵਿੱਚ ਵਾਪਰਿਆ, ਜਿਸ ਕਰਕੇ ਰਾਹਤ ਟੀਮ ਨੂੰ ਮੌਕੇ ’ਤੇ ਪਹੁੰਚਣ ਵਿੱਚ ਸਮਾਂ ਲੱਗਿਆ। ਇਸ ਮਹੀਨੇ ਸੂਬੇ ਵਿੱਚ ਫੌਜ ਦੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 5 ਅਕਤੂਬਰ ਨੂੰ ਤਵਾਂਗ ਜ਼ਿਲ੍ਹੇ ਵਿੱਚ ਇੱਕ ਚੀਤਾ ਹੈਲੀਕਾਪਟਰ ਕਰੈਸ਼ ਹੋ ਗਿਆ ਸੀ, ਜਿਸ ਵਿੱਚ ਸਵਾਰ ਦੋ ਪਾਇਲਟਾਂ ’ਚੋਂ ਇੱਕ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਮਾਰਚ ਜੰਮੂ ਕਸ਼ਮੀਰ ਵਿੱਚ ਕੰਟਰੋਲ ਰੇਖਾ ਨੇੜੇ ਇੱਕ ਹੋਰ ਹੈਲੀਕਾਪਟਰ ਕਰੈਸ਼ ਹੋ ਗਿਆ ਸੀ। -ਪੀਟੀਆਈ