ਨਵੀਂ ਦਿੱਲੀ, 8 ਫਰਵਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਨਾ ਸਿਰਫ਼ ਸਰਹੱਦਾਂ ਤੱਕ ਸੀਮਤ ਕਰ ਦਿੱਤਾ ਹੈ ਸਗੋਂ ਉਹ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਵੀ ਦੇ ਰਹੇ ਹਨ। ਰਾਜ ਸਭਾ ’ਚ ਪ੍ਰਸ਼ਨਕਾਲ ਦੌਰਾਨ ਉਨ੍ਹਾਂ ਸਦਨ ਨੂੰ ਦੱਸਿਆ ਕਿ ਮੁਲਕ ’ਚ 11 ਰਾਫਾਲ ਲੜਾਕੂ ਜੈੱਟ ਪਹੁੰਚ ਚੁੱਕੇ ਹਨ ਅਤੇ ਇਸ ਸਾਲ ਮਾਰਚ ਤੱਕ ਇਹ ਗਿਣਤੀ ਵੱਧ ਕੇ 17 ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਅਪਰੈਲ ਤੱਕ ਸਾਰੇ ਰਾਫਾਲ ਜੈੱਟ ਮੁਲਕ ਪਹੁੰਚ ਜਾਣਗੇ। ਰੱਖਿਆ ਮੰਤਰੀ ਨੇ ਦੱਸਿਆ ਕਿ ਪਹਿਲੇ ਪੰਜ ਰਾਫਾਲ ਜੈੱਟਾਂ ਨੂੰ ਭਾਰਤੀ ਹਵਾਈ ਫ਼ੌਜ ’ਚ ਸ਼ਾਮਲ ਕਰਨ ਦੇ ਸਮਾਗਮ ’ਤੇ 41 ਲੱਖ ਰੁਪਏ ਤੋਂ ਜ਼ਿਆਦਾ ਖ਼ਰਚੇ ਗਏ ਸਨ। ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਨਾਲ ਸਬੰਧਤ ਸਵਾਲ ਦੇ ਜਵਾਬ ’ਚ ਉਨ੍ਹਾਂ ਫ਼ੌਜ, ਬੀਐੱਸਐੱਫ ਅਤੇ ਹੋਰ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਗੋਲੀਬੰਦੀ ਦੀਆਂ 4,649 ਘਟਨਾਵਾਂ ਵਾਪਰੀਆਂ ਸਨ। ਉਨ੍ਹਾਂ ਕਿਹਾ ਕਿ ਰੱਖਿਆ ਖੇਤਰ ਨਾਲ ਸਬੰਧਤ 101 ਉਪਕਰਣ ਮੁਲਕ ’ਚ ਹੀ ਬਣਨਗੇ ਅਤੇ ਇਨ੍ਹਾਂ ਨੂੰ ਬਾਹਰੋਂ ਨਹੀਂ ਮੰਗਵਾਇਆ ਜਾਵੇਗਾ। -ਪੀਟੀਆਈ
ਰਾਜਨਾਥ ਦੀ ਅਪੀਲ ਮਗਰੋਂ ਆਮ ਵਾਂਗ ਚੱਲੀ ਲੋਕ ਸਭਾ ਦੀ ਕਾਰਵਾਈ
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਕੀਤੀ ਅਪੀਲ ਤੋਂ ਬਾਅਦ ਅੱਜ ਲੋਕ ਸਭਾ ਦੀ ਕਾਰਵਾਈ ਆਮ ਵਾਂਗ ਚੱਲੀ। ਜ਼ਿਕਰਯੋਗ ਹੈ ਕਿ ਤਿੰਨਾਂ ਖੇਤੀ ਕਾਨੂੰਨਾਂ ’ਤੇ ਪਿਛਲਾ ਪੂਰਾ ਹਫ਼ਤਾ ਹੇਠਲੇ ਸਦਨ ਵਿਚ ਹੰਗਾਮਾ ਹੁੰਦਾ ਰਿਹਾ। ਰੱਖਿਆ ਮੰਤਰੀ ਨੇ ਕਿਹਾ ਕਿ ਹਰੇਕ ਮੈਂਬਰ ਦਾ ਫ਼ਰਜ਼ ਹੈ ਕਿ ਉਹ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦੀ ਮਤਾ ਪਾਸ ਕਰਨ ਦੀ ਰਵਾਇਤ ਕਾਇਮ ਰੱਖੇ। ਸਦਨ ਦੀ ਕਾਰਵਾਈ ਸ਼ਾਮ ਪੰਜ ਵਜੇ ਮੁੜ ਸ਼ੁਰੂ ਹੋਣ ’ਤੇ ਰਾਜਨਾਥ ਨੇ ਕਿਹਾ ਕਿ ਰਾਸ਼ਟਰਪਤੀ ਦਾ ਧੰਨਵਾਦ ਕਰਨ ਦੀ ਰਵਾਇਤ ਰਹੀ ਹੈ ਤੇ ਸਿਹਤਮੰਦ ਲੋਕਤੰਤਰ ਵਿਚ ਇਸ ਨੂੰ ਨਹੀਂ ਤੋੜਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਰਾਜ ਸਭਾ ਵਿਚ ਪਹਿਲਾਂ ਹੀ ਧੰਨਵਾਦੀ ਮਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਭਾਸ਼ਣ ਤੋਂ ਬਾਅਦ ਪਾਸ ਕੀਤਾ ਜਾ ਚੁੱਕਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਸੰਸਦ ਮੈਂਬਰ ਧੰਨਵਾਦ ਮਤੇ ’ਤੇ ਚਰਚਾ ਦੌਰਾਨ ਖੇਤੀ ਕਾਨੂੰਨਾਂ ਬਾਰੇ ਬੋਲ ਸਕਦੇ ਹਨ। ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਵੀ ਕਿਹਾ ਕਿ ਇਹ ਰਵਾਇਤ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ ਤੇ ਨਹੀਂ ਤੋੜੀ ਜਾਣੀ ਚਾਹੀਦੀ। ਕਾਂਗਰਸੀ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਕਿਸਾਨਾਂ ਦੇ ਮੁੱਦੇ ’ਤੇ ਚਰਚਾ ਜਾਰੀ ਰੱਖੀ ਜਾਵੇ ਜੋ ਠੰਢ ਵਿਚ ਕਾਨੂੰਨਾਂ ਖ਼ਿਲਾਫ਼ ਡਟੇ ਹੋਏ ਹਨ। ਉਨ੍ਹਾਂ ਨੂੰ ਕੰਡਿਆਂ ਦੀਆਂ ਤਾਰਾਂ ਲਾ ਕੇ ਦਿੱਲੀ ਵਿਚ ਦਾਖ਼ਲ ਹੋਣ ਤੋਂ ਰੋਕਣਾ ਠੀਕ ਨਹੀਂ ਹੈ। ਚੌਧਰੀ ਨੇ ਕਿਹਾ ਕਿ ਉਹ ਸਰਕਾਰ ਤੋਂ ਭਰੋਸਾ ਚਾਹੁੰਦੇ ਹਨ ਕਿ ਕਿਸਾਨਾਂ ਦੇ ਮੁੱਦੇ ’ਤੇ ਵੱਖਰੀ ਚਰਚਾ ਕਰਵਾਈ ਜਾਵੇ। ਇਹ ਧੰਨਵਾਦੀ ਮਤੇ ਤੋਂ ਬਾਅਦ ਜਾਂ ਬਜਟ ਉਤੇ ਵਿਚਾਰ-ਚਰਚਾ ਤੋਂ ਬਾਅਦ ਕਰਵਾਈ ਜਾ ਸਕਦੀ ਹੈ। ਸਪੀਕਰ ਓਮ ਬਿਰਲਾ ਨੇ ਵੀ ਮੈਂਬਰਾਂ ਨੂੰ ਸ਼ਾਂਤੀ ਬਣਾਏ ਰੱਖਣ ਤੇ ਨਾਅਰੇਬਾਜ਼ੀ ਨਾ ਕਰਨ ਦੀ ਅਪੀਲ ਕੀਤੀ। -ਪੀਟੀਆਈ