ਰਾਜੌਰੀ/ਜੰਮੂ, 30 ਅਕਤੂਬਰ
ਜੰਮੂ ਕਸ਼ਮੀਰ ਦੇ ਸਰਹੱਦੀ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਨਾਲ ਲੱਗਦੀ ਰੱਖਿਆ ਚੌਕੀ ਨੇੜੇ ਹੋਏ ਰਹੱਸਮਈ ਧਮਾਕੇ ਵਿਚ ਇਕ ਸੈਨਾ ਅਧਿਕਾਰੀ ਤੇ ਜਵਾਨ ਸ਼ਹੀਦ ਹੋ ਗਏ ਹਨ। ਧਮਾਕੇ ਦੀ ਕਿਸਮ ਬਾਰੇ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਅਧਿਕਾਰੀਆਂ ਮੁਤਾਬਕ ਧਮਾਕਾ ਨੌਸ਼ਹਿਰਾ ਸੈਕਟਰ ਦੇ ਕਲਾਲ ਇਲਾਕੇ ਵਿਚ ਹੋਇਆ ਤੇ ਉਸ ਵੇਲੇ ਉੱਥੇ ਫ਼ੌਜ ਦੀ ਇਕ ਟੁਕੜੀ ਸਰਹੱਦ ਪਾਰੋਂ ਘੁਸਪੈਠ ਉਤੇ ਨਜ਼ਰ ਰੱਖਣ ਲਈ ਗਸ਼ਤ ਕਰ ਰਹੀ ਸੀ। ਜ਼ਖ਼ਮੀ ਲੈਫ਼ਟੀਨੈਂਟ ਤੇ ਜਵਾਨ ਨੂੰ ਨੇੜਲੇ ਫ਼ੌਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜਿੱਥੇ ਧਮਾਕਾ ਹੋਇਆ ਹੈ, ਉਸ ਇਲਾਕੇ ਵਿਚ ਘੁਸਪੈਠ ਰੋਕਣ ਦੇ ਮੰਤਵ ਨਾਲ ਬਾਰੂਦੀ ਸੁਰੰਗਾਂ ਵੀ ਵਿਛਾਈਆਂ ਹੋਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਧਮਾਕੇ ਦੀ ਕਿਸਮ ਬਾਰੇ ਕੁਝ ਸਪੱਸ਼ਟ ਨਹੀਂ ਹੈ ਪਰ ਉਨ੍ਹਾਂ ਅਤਿਵਾਦੀਆਂ ਵੱਲੋਂ ਆਈਈਡੀ ਦੀ ਵਰਤੋਂ ਤੋਂ ਵੀ ਇਨਕਾਰ ਨਹੀਂ ਕੀਤਾ ਜੋ ਕਿ ਪੈਟਰੋਲਿੰਗ ਟੀਮ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਗਈ ਹੋ ਸਕਦੀ ਹੈ। ਘਟਨਾ ਬਾਰੇ ਹੋਰ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਇਸੇ ਦੌਰਾਨ ਰਾਜੌਰੀ ਤੇ ਪੁਣਛ ਜ਼ਿਲ੍ਹਿਆਂ ਵਿਚ ਲੁਕੇ ਹੋਏ ਅਤਿਵਾਦੀਆਂ ਨੂੰ ਲੱਭਣ ਲਈ ਚੱਲ ਰਹੀ ਮੁਹਿੰਮ ਨੂੰ 20 ਦਿਨ ਹੋ ਗਏ ਹਨ। ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਦੇ ਸੰਘਣੇ ਜੰਗਲੀ ਇਲਾਕੇ ਵਿਚ ਦਹਿਸ਼ਤਗਰਦਾਂ ਨੂੰ ਲੱਭਿਆ ਜਾ ਰਿਹਾ ਹੈ ਜਿੱਥੇ ਦੋ ਵੱਖ-ਵੱਖ ਹਮਲਿਆਂ ’ਚ ਨੌਂ ਸੈਨਿਕ ਸ਼ਹੀਦ ਹੋ ਗਏ ਸਨ। ਪੁਣਛ ਦੇ ਸੂਰਨਕੋਟ ਜੰਗਲ ਦੇ ਨਾਲ ਮੇਂਧੜ ਦੇ ਭੱਟੀ ਦੁੜੀਆਂ ਖੇਤਰ ਵਿਚ ਅਪਰੇਸ਼ਨ 11 ਅਕਤੂਬਰ ਨੂੰ ਸ਼ੁਰੂ ਹੋਇਆ ਸੀ। ਰਾਜੌਰੀ ਦੇ ਥਾਣਾਮੰਡੀ ਖੇਤਰ ਵਿਚ ਵੀ ਅਤਿਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਕ ਪਾਕਿਸਤਾਨੀ ਅਤਿਵਾਦੀ ਨੂੰ ਜੰਮੂ ਦੀ ਜੇਲ੍ਹ ਵਿਚੋਂ ਪੁਲੀਸ ਰਿਮਾਂਡ ’ਤੇ ਮੇਂਧੜ ਲਿਆਂਦਾ ਗਿਆ ਸੀ ਤੇ ਚੱਲ ਰਹੇ ਅਪਰੇਸ਼ਨ ਬਾਰੇ ਪੁੱਛਗਿੱਛ ਕੀਤੀ ਗਈ ਸੀ। ਜਦ ਸੁਰੱਖਿਆ ਬਲ ਉਸ ਨੂੰ ਛੁਪਣਗਾਹ ਦੀ ਸ਼ਨਾਖ਼ਤ ਲਈ ਲੈ ਕੇ ਗਏ ਤਾਂ ਲੁਕੇ ਅਤਿਵਾਦੀਆਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ। ਇਹ ਘਟਨਾ 24 ਅਕਤੂਬਰ ਨੂੰ ਵਾਪਰੀ ਸੀ ਤੇ ਇਸ ਤੋਂ ਬਾਅਦ ਅਤਿਵਾਦੀਆਂ ਦਾ ਕੋਈ ਥਹੁ-ਪਤਾ ਨਹੀਂ ਹੈ। -ਪੀਟੀਆਈ