ਨਵੀਂ ਦਿੱਲੀ: ਤਿੰਨੋਂ ਸੈਨਾਵਾਂ ਨੇ ਅਗਨੀਪਥ ਸਕੀਮ ਤਹਿਤ ਭਰਤੀ ਪ੍ਰਕਿਰਿਆ ਵਿੱਚ ਕਿਸੇ ਤਰ੍ਹਾਂ ਦੇ ਫੇਰਬਦਲ ਜਾਂ ਇਸ ਯੋਜਨਾ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਤਿੰਨੋਂ ਸੈਨਾਵਾਂ ਨੇ ਰੈਜੀਮੈਂਟਲ ਪ੍ਰਬੰਧ ਬਾਰੇ ਖ਼ਦਸ਼ਿਆਂ ਨੂੰ ਦੂਰ ਕਰਦਿਆਂ ਕਿਹਾ ਕਿ ਇਹ ਵਿਵਸਥਾ ਵੀ ਪਹਿਲਾਂ ਵਾਂਗ ਜਾਰੀ ਰਹੇਗੀ। ਤਿੰਨੋਂ ਸੈਨਾਵਾਂ ਨੇ ਕਿਹਾ ਕਿ ਭਰਤੀ ਸਕੀਮ ਬਾਰੇ ‘ਭਰੋਸੇਯੋਗ’ ਜਾਣਕਾਰੀ ਨੇ ਇਸ ਪਹਿਲਕਦਮੀ ਬਾਰੇ ਗ਼ਲਤਫ਼ਹਿਮੀਆਂ ਨੂੰ ਦੂਰ ਕੀਤਾ ਹੈ। ਤਿੰਨੋਂ ਸੈਨਾਵਾਂ ਨੇ ਜ਼ੋਰ ਦੇ ਕੇ ਆਖਿਆ ਕਿ ਫ਼ੌਜ ਵਿੱਚ ਭਰਤੀ ਲਈ ਤਿਆਰੀਆਂ ਕਰ ਰਹੇ ਨੌਜਵਾਨ ਕਈ ਥਾਈਂ ਸਰੀਰਕ ਸਰਗਰਮੀਆਂ ਵੱਲ ਮੁੜ ਆਏ ਹਨ। ਫੌਜੀ ਮਾਮਲਿਆਂ ਬਾਰੇ ਵਿਭਾਗ ਦੇ ਵਧੀਕ ਸਕੱਤਰ ਲੈਫਟੀਨੈਂਟ ਜਨਰਲ ਅਨਿਲ ਪੁਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਰਤੀ ਅਮਲ ਵਿੱਚ ਕੋਈ ਫੇਰਬਦਲ ਨਹੀਂ ਹੋਵੇਗਾ ਤੇ ਰਵਾਇਤੀ ਰੈਜੀਮੈਂਟਲ ਪ੍ਰਬੰਧ ਵੀ ਜਾਰੀ ਰਹੇਗਾ। ਤਿੰਨੋਂ ਸੇਵਾਵਾਂ ਦੀ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਸਕੀਮ ਤਿੰਨੋਂ ਸੇਵਾਵਾਂ ਤੇ ਰੱਖਿਆ ਮੰਤਰਾਲੇ ਦਰਮਿਆਨ ਹੋਈ ਲੰਮੀ ਵਿਚਾਰ-ਚਰਚਾ ਤੇ ਸਲਾਹ-ਮਸ਼ਵਰੇ ਦਾ ਨਤੀਜਾ ਹੈ। ਇਸ ਵਿੱਚ ਸਰਕਾਰ ਦੇ ਹੋਰ ਕਈ ਵਿੰਗ ਵੀ ਸ਼ਾਮਲ ਸਨ। ਇਹ ਬਹੁਤ ਲੋੜੀਂਦਾ ਸੁਧਾਰ ਹੈ। ਲੈਫਟੀਨੈਂਟ ਜਨਰਲ ਪੁਰੀ ਨੇ ਕਿਹਾ ਕਿ 1989 ਤੋਂ ਕਈ ਕਮੇਟੀਆਂ ਨੇ ਇਸ ਬਾਰੇ ਸਿਫਾਰਸ਼ਾਂ ਕੀਤੀਆਂ ਸਨ ਤੇ ਅਗਨੀਪਥ ਸਕੀਮ ਨੂੰ ਅੰਤਿਮ ਰੂਪ ਦੇਣ ਵਿੱਚ ਸਾਰੇ ਭਾਈਵਾਲ ਸ਼ਾਮਲ ਹਨ।
ਪੁਰੀ ਨੇ ਕਿਹਾ ਕਿ ਅਗਨੀਪਥ ਸਕੀਮ ਤਹਿਤ ਭਰਤੀ ਦੇ ਇੱਛੁਕ ਨੌਜਵਾਨਾਂ ਨੂੰ ਹਲਫ਼ਨਾਮਾ ਦੇਣਾ ਹੋਵੇਗਾ ਕਿ ਉਹ ਕਿਸੇ ਵੀ ਹਿੰਸਾ ਦਾ ਹਿੱਸਾ ਨਹੀਂ ਸਨ। ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਵਿੱਚ ਅੱਗਜ਼ਨੀ ਤੇ ਹਿੰਸਾ ਲਈ ਕੋਈ ਥਾਂ ਨਹੀਂ ਹੈ। ਪੁਲੀਸ ਤਸਦੀਕ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਇਹ ਹਮੇਸ਼ਾ ਭਰਤੀ ਅਮਲ ਦਾ ਹਿੱਸਾ ਰਹੀ ਹੈ। ਸਕੀਮ ਦੀ ਹਮਾਇਤ ਕਰਦਿਆਂ ਇਕ ਅਧਿਕਾਰੀ ਨੇ ਕਿਹਾ ਕਿ ‘ਅਗਨੀਪਥ’ ਨਾਲ ਢਾਹ ਨਹੀਂ ਲੱਗੇਗੀ, ਬਲਕਿ ਫੌਜ ਦੀ ਲੜਨ ਦੀ ਸਮਰੱਥਾ ਵਿੱਚ ਵੱਡਾ ਸੁਧਾਰ ਆਏਗਾ। -ਪੀਟੀਆਈ