ਮੁੰਬਈ, 23 ਜੂਨ
ਪੁਲੀਸ ਵੱਲੋਂ ਦਾਖ਼ਲ ਪੂਰਕ ਚਾਰਜਸ਼ੀਟ ’ਚ ਦਾਅਵਾ ਕੀਤਾ ਗਿਆ ਹੈ ਕਿ ਸੀਨੀਅਰ ਟੀਵੀ ਪੱਤਰਕਾਰ ਅਰਨਬ ਗੋਸਵਾਮੀ ਨੇ ਬ੍ਰਾਡਕਾਸਟ ਔਡੀਐਂਸ ਰਿਸਰਚ ਕਾਊਂਸਿਲ (ਬਾਰਕ) ਦੇ ਤਤਕਾਲੀ ਸੀਈਓ ਪਾਰਥੋ ਦਾਸਗੁਪਤਾ ਦੀ ਮਿਲੀਭੁਗਤ ਨਾਲ ਰਿਪਬਲਿਕ ਟੀਵੀ ਚੈਨਲ ਦੀ ਰੇਟਿੰਗ ’ਚ ਸੁਧਾਰ ਲਈ ਟੀਆਰਪੀ ਨਾਲ ਗ਼ੈਰਕਾਨੂੰਨੀ ਢੰਗ ਨਾਲ ਛੇੜਖਾਨੀ ਕੀਤੀ ਸੀ। ਪੁਲੀਸ ਨੇ ਦੋਹਾਂ ਵਿਚਕਾਰ ਵਟਸਐਪ ਚੈਟ ਨੂੰ ਅਹਿਮ ਸਬੂਤ ਵਜੋਂ ਪੇਸ਼ ਕੀਤਾ ਹੈ। ਮੁੰਬਈ ਪੁਲੀਸ ਦੀ ਕ੍ਰਾਈਮ ਇੰਟੈਲੀਜੈਂਸ ਯੂਨਿਟ ਨੇ ਮੰਗਲਵਾਰ ਨੂੰ ਫਰਜ਼ੀ ਟੀਆਰਪੀ ਘੁਟਾਲੇ ਦੇ ਮਾਮਲੇ ’ਚ ਮੈਜਿਸਟਰੇਟ ਅਦਾਲਤ ’ਚ ਤੀਜੀ ਚਾਰਜਸ਼ੀਟ ਦਾਖ਼ਲ ਕੀਤੀ। ਪੁਲੀਸ ਨੇ ਚਾਰਜਸ਼ੀਟ ’ਚ ਛੇ ਹੋਰ ਮੁਲਜ਼ਮਾਂ ਦੇ ਨਾਮ ਸ਼ਾਮਲ ਕੀਤੇ ਹਨ। ਪੁਲੀਸ ਨੇ ਕਿਹਾ ਕਿ ਜੂਨ 2017 ਤੋਂ ਮਾਰਚ 2018 ਦੌਰਾਨ ਦਾਸਗੁਪਤਾ ਬਾਰਕ ਨਾਲ ਕੰਮ ਕਰ ਰਿਹਾ ਸੀ ਅਤੇ ਅੰਗਰੇਜ਼ੀ ਨਿਊਜ਼ ਚੈਨਲ ਦੀ ਟੀਆਰਪੀ ਰੇਟਿੰਗ ਨਾਲ ਉਸ ਨੇ ਛੇੜਖਾਨੀ ਕੀਤੀ ਤਾਂ ਜੋ ਰਿਪਬਲਿਕ ਟੀਵੀ ਚੈਨਲ ਦੀ ਟੀਆਰਪੀ ਉਸ ਤੋਂ ਹੇਠਾਂ ਡਿੱਗ ਜਾਵੇ। ਇਸ ਨਾਲ ਚੈਨਲ ਨੂੰ 431 ਕਰੋੜ ਰੁਪਏ ਦਾ ਨੁਕਸਾਨ ਹੋਇਆ। ਚਾਰਜਸ਼ੀਟ ’ਚ ਕਿਹਾ ਗਿਆ ਹੈ ਕਿ ਦਾਸਗੁਪਤਾ ਦੀ ਰਿਹਾਇਸ਼ ਤੋਂ ਗਹਿਣੇ ਅਤੇ ਹੋਰ ਮਹਿੰਗੀਆਂ ਵਸਤਾਂ ਬਰਾਮਦ ਹੋਈਆਂ ਹਨ। ਉਸ ਨੂੰ ਪਿਛਲੇ ਸਾਲ ਦਸੰਬਰ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਹੁਣ ਉਹ ਜ਼ਮਾਨਤ ’ਤੇ ਬਾਹਰ ਹੈ। ਪਹਿਲੀ ਚਾਰਜਸ਼ੀਟ ਪਿਛਲੇ ਸਾਲ ਨਵੰਬਰ ’ਚ ਦਾਖ਼ਲ ਕੀਤੀ ਗਈ ਸੀ। -ਪੀਟੀਆਈ