ਦੇਹਰਾਦੂਨ/ਰਿਸ਼ੀਕੇਸ਼/ਬੰਗਲੂਰੂ, 15 ਅਪਰੈਲ
ਹਰਿਦੁਆਰ ਕੁੰਭ ਮੇਲਾ ਖੇਤਰ ਵਿੱਚ 10 ਤੋਂ 14 ਅਪਰੈਲ ਦੌਰਾਨ 1701 ਵਿਅਕਤੀ ਕਰੋਨਾ ਦੀ ਲਾਗ ਲਈ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਅੰਕੜਿਆਂ ਮਗਰੋਂ ਵਿਸ਼ਵ ਦੇ ਇਸ ਸਭ ਤੋਂ ਵੱਡੇ ਧਾਰਮਿਕ ਇਕੱਠ ਬਾਰੇ ਜਤਾਇਆ ਖੌ਼ਫ਼ ਸੱਚ ਹੋਣ ਲੱਗਾ ਹੈ ਕਿ ਦੇਸ਼ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਵਧਦੀ ਗਿਣਤੀ ਵਿੱਚ ਕੁੰਭ ਮੇਲਾ ਵੱਡਾ ਯੋਗਦਾਨ ਪਾ ਸਕਦਾ ਹੈ। ਇਸ ਦੌਰਾਨ ਮੱਧ ਪ੍ਰਦੇਸ਼ ਨਾਲ ਸਬੰਧਤ ਮਹਾ ਨਿਰਵਾਣੀ ਅਖਾੜੇ ਦੇ ਮੁਖੀ ਦੀ ਕਰੋਨਾ ਕਰ ਕੇ ਮੌਤ ਹੋ ਗਈ ਹੈ। ਉਧਰ ਕਰਨਾਟਕ ਦੀ ਭਾਜਪਾ ਸਰਕਾਰ ਨੇ ਹਰਿਦੁਆਰ ਦੇ ਕੁੰਭ ਮੇਲੇ ਤੋੋਂ ਪਰਤਣ ਵਾਲੇ ਸ਼ਰਧਾਲੂਆਂ ਨੂੰ ਇਕਾਂਤਵਾਸ ਵਿੱਚ ਜਾਣ ਲਈ ਆਖਦਿਆਂ ਕਰੋਨਾ ਟੈਸਟ ਕਰਵਾਉਣ ਦੀ ਤਾਕੀਦ ਕੀਤੀ ਹੈ। ਹਰਿਦੁਆਰ ਦੇ ਚੀਫ਼ ਮੈਡੀਕਲ ਅਧਿਕਾਰੀ ਸ਼ੰਭੂ ਕੁਮਾਰ ਝਾਅ ਨੇ ਕਿਹਾ ਕਿ ਉਪਰੋਕਤ ਅੰਕੜਾ ਆਰਟੀ-ਪੀਸੀਆਰ ਤੇ ਰੈਪਿਡ ਐਂਟੀਜੈੱਨ ਟੈਸਟ ਦੀਆਂ ਰਿਪੋਰਟਾਂ ’ਤੇ ਅਧਾਰਿਤ ਹੈ। ਪਿਛਲੇ ਪੰਜ ਦਿਨਾਂ ਦੌਰਾਨ ਹਰਿਦੁਆਰ ਤੋਂ ਦੇਵਪ੍ਰਯਾਗ ਤੱਕ ਫੈਲੇ ਮੇਲਾ ਖੇਤਰ ਵਿੱਚ ਸ਼ਰਧਾਲੂਆਂ ਤੇ ਵੱਖ ਵੱਖ ਅਖਾੜੇ ਦੇ ਸਾਧੂਆਂ ਦੇ ਨਮੂਨੇ ਲਏ ਗਏ ਸਨ। ਝਾਅ ਨੇ ਕਿਹਾ ਕਿ ਅਜੇ ਕੁਝ ਹੋਰ ਆਰਟੀ-ਪੀਸੀਆਰ ਟੈਸਟਾ ਰਿਪੋਰਟਾਂ ਦੀ ਉਡੀਕ ਹੈ ਤੇ ਮੌਜੂਦਾ ਰੁਝਾਨਾਂ ਨੂੰ ਵੇਖਦਿਆਂ ਪਾਜ਼ੇਟਿਵ ਕੇਸਾਂ ਦੀ ਗਿਣਤੀ 2000 ਨੂੰ ਟੱਪ ਸਕਦੀ ਹੈ। ਦੱਸਣਾ ਬਣਦਾ ਹੈ ਕਿ ਕੁੰਭ ਮੇਲੇ ਦੌਰਾਨ 12 ਅਪਰੈਲ ਨੂੰ ਸੋਮਵਤੀ ਅਮਾਵਸਿਆ ਤੇ 14 ਅਪਰੇਨ ਨੂੰ ਮੇਸ਼ ਸਕਰਾਂਤੀ ਮੌਕੇ 48.51 ਲੱਖ ਲੋਕ ਜੁੜੇ ਸੀ ਤੇ ਇਸ ਦੌਰਾਨ ਮਾਸਕ ਤੇ ਸਮਾਜਿਕ ਦੂਰਜੀ ਜਿਹੇ ਕੋਵਿਡ ਨੇਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਗਈਆਂ। ਕੁੰਭ ਮੇਲਾ ਖੇਤਰ 670 ਹੈਕਟੇਅਰ ਤੋਂ ਵੱਧ ਰਕਬੇ ਵਿੱਚ ਫੈਲਿਆ ਹੋਇਆ ਹੈ ਤੇ ਹਰਿਦੁਆਰ, ਟੀਹਰੀ ਤੇ ਰਿਸ਼ੀਕੇਸ਼ ਸਮੇਤ ਦੇਹਰਾਦੂਨ ਜ਼ਿਲ੍ਹਿਆਂ ਦਾ ਕੁਝ ਹਿੱਸਾ ਇਸ ਵਿੱਚ ਆਉਂਦਾ ਹੈ। ਕੁੰਭ ਮੇਲੇ ਦੌਰਾਨ ਆਪਣੀ ਸਿਰੇ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੁਲੀਸ ਅਖਾੜੇ ਦੇ ਸਾਧੂ ਸੰਤਾਂ ਨੂੰ ਕਰੋਨਾ ਤੋਂ ਬਚਾਅ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਵਾਉਣ ਵਿੱਚ ਨਾਕਾਮ ਰਹੀ। ਇਸ ਦੌਰਾਨ ਮੱਧ ਪ੍ਰਦੇਸ਼ ਨਾਲ ਸਬੰਧਤ ਮਹਾ ਨਿਰਵਾਣੀ ਅਖਾੜੇ ਦੇ ਮੁਖੀ ਸਵਾਮੀ ਕਪਿਲ ਦੇਵ ਦੀ ਕਰੋਨਾ ਕਰਕੇ ਅੱਜ ਦੇਹਰਾਦੂਨ ਦੇ ਨਿੱਜੀ ਹਸਪਤਾਲ ’ਚ ਮੌਤ ਹੋ ਗਈ। ਅਖਾੜਾ ਮਹਾਮੰਡਲੇਸ਼ਵਰ ਕੁੰਭ ਮੇਲੇ ਵਿੱਚ ਹਾਜ਼ਰੀ ਭਰਨ ਲਈ ਹਰਿਦੁਆਰ ਆਇਆ ਸੀ। ਅਖਾੜਾ ਮੁਖੀ ਨੂੰ ਆਰਟੀ-ਪੀਸੀਆਰ ਪਾਜ਼ੇਟਿਵ ਨਿਕਲਣ ਮਗਰੋਂ ਕੈਲਾਸ਼ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। -ਪੀਟੀਆਈ