ਸ੍ਰੀਨਗਰ, 29 ਅਗਸਤ
ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਭਾਰਤ ਦੇ ਸਾਬਕਾ ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਜੰਮੂ ਕਸ਼ਮੀਰ ’ਚੋਂ ਧਾਰਾ 370 ਨੂੰ ਮਨਸੂਖ਼ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ਦੀ ਸੁਣਵਾਈ ਲਈ ਬੈਂਚ ਗਠਿਤ ਕੀਤੇ ਬਿਨਾਂ ਹੀ ਅਹੁਦੇ ਤੋਂ ਸੇਵਾਮੁਕਤ ਹੋ ਗਏ। ਅਬਦੁੱਲਾ ਨੇ ਕਿਹਾ ਕਿ ਜਸਟਿਸ ਰਾਮੰਨਾ ਕਥਿਤ ‘ਬੜੇ ਹੀ ਸੁਖਾਲੇ ਤਰੀਕੇ ਨਾਲ ਬਚ ਨਿਕਲੇ।’ ਕਾਬਿਲੇਗੌਰ ਹੈ ਕਿ ਅਬਦੁੱਲਾ ਨੇ ਸੀਜੇਆਈ ਰਾਮੰੰਨਾ ਵੱਲੋਂ ਅਪਰੈਲ ਵਿੱਚ ਕੀਤੀਆਂ ਟਿੱਪਣੀਆਂ ਬਾਰੇ ਇਕ ਖ਼ਬਰ ਐਤਵਾਰ ਨੂੰ ਟਵਿੱਟਰ ’ਤੇ ਸਾਂਝੀ ਕੀਤੀ ਸੀ। ਇਸ ਖ਼ਬਰ ਵਿੱਚ ਸੀਜੇਆਈ ਨੇ ਕਿਹਾ ਸੀ ਕਿ ਉਹ ਧਾਰਾ 370 ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ’ਤੇ ਗਰਮੀ ਦੀਆਂ ਛੁੱਟੀਆਂ ਮਗਰੋਂ ਸੁਣਵਾਈ ਕਰਨਗੇ। ਸਾਬਕਾ ਮੁੱਖ ਮੰਤਰੀ ਨੇ ਟਵੀਟ ਕੀਤਾ, ‘‘ਅਤੇ ਫਿਰ ਉਹ ਕਿਸੇ ਬੈਂਚ ਦਾ ਗਠਨ ਕੀਤੇ ਬਿਨਾਂ ਹੀ ਸੇਵਾਮੁਕਤ ਹੋ ਗਏ। ਉਹ ਸੌਖਿਆਂ ਹੀ ਬਚ ਨਿਕਲੇ।’’ ਉਨ੍ਹਾਂ ਕਿਹਾ, ‘‘ਕੁਝ ਲੋਕ ਹੈਰਾਨ ਹੁੰਦੇ ਹਨ ਕਿ ਇਨ੍ਹਾਂ ਸੰਸਥਾਵਾਂ ਤੋਂ ਲੋਕਾਂ ਦਾ ਭਰੋਸਾ ਕਿਉਂ ਉੱਠਦਾ ਜਾ ਰਿਹਾ ਹੈ। ਸ਼ਾਇਦ ਇਸ ਦਾ ਸਬੰਧ ਗੰਭੀਰ ਮਸਲਿਆਂ ਨਾਲ ਨਜਿੱਠਣ ਦੇ ਢੰਗ ਤਰੀਕੇ ਨਾਲ ਹੈ।’’ ਕੇਂਦਰ ਸਰਕਾਰ ਨੇ 5 ਅਗਸਤ 2019 ਨੂੰ ਜੰਮੂ ਕਸ਼ਮੀਰ ’ਚੋਂ ਧਾਰਾ 370 ਮਨਸੂਖ਼ ਕਰ ਦਿੱਤੀ ਸੀ ਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਸੀ। ਸੰਵਿਧਾਨ ਦੀ ਇਸ ਧਾਰਾ ਤਹਿਤ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰੁਤਬਾ ਤੇ ਵਿਸ਼ੇਸ਼ ਅਖ਼ਤਿਆਰ ਹਾਸਲ ਸਨ। -ਪੀਟੀਆਈ
ਵੋਟਰ ਸੂਚੀਆਂ ’ਚ ਬਾਹਰੀ ਲੋਕਾਂ ਖਿਲਾਫ਼ ਪੀਏਜੀਡੀ ਵੱਲੋਂ ਸਰਬ ਪਾਰਟੀ ਮੀਟਿੰਗ 10 ਨੂੰ
ਜੰਮੂ: ਜੰਮੂ ਕਸ਼ਮੀਰ ਦੀਆਂ ਵੋਟਰ ਸੂਚੀਆਂ ਵਿੱਚ ‘ਗੈਰ-ਮੁਕਾਮੀ’ ਲੋਕਾਂ ਨੂੰ ਸ਼ਾਮਲ ਕਰਨ ਖਿਲਾਫ਼ ਹੋਰਨਾਂ ਸਿਆਸੀ ਤੇ ਸਮਾਜਿਕ ਪਾਰਟੀਆਂ ਦੀ ਹਮਾਇਤ ਜੁਟਾਉਣ ਦੇ ਯਤਨ ਵਜੋਂ ਗੁਪਕਾਰ ਐਲਾਨਨਾਮੇ ਬਾਰੇ ਲੋਕਾਂ ਦੇ ਗੱਠਜੋੜ (ਪੀਏਜੀਡੀ) ਵੱਲੋਂ ਅਗਲੇ ਮਹੀਨੇ ਜੰਮੂ ਵਿੱਚ ਸਰਬ ਪਾਰਟੀ ਮੀਟਿੰਗ ਕੀਤੀ ਜਾਵੇਗੀ। ਸੀਨੀਅਰ ਸੀਪੀਐੱਮ ਆਗੂ ਐੱਮ.ਵਾਈ.ਤਰੀਗਾਮੀ ਨੇ ਕਿਹਾ ਕਿ ਮੀਟਿੰਗ ਪੀਏਜੀਡੀ ਪ੍ਰਧਾਨ ਫ਼ਾਰੂਕ ਅਬਦੁੱਲਾ ਦੀ ਅਗਵਾਈ ਹੇਠ 10 ਸਤੰਬਰ ਨੂੰ ਬਾਅਦ ਦੁਪਹਿਰ 2 ਵਜੇ ਉਨ੍ਹਾਂ ਦੀ ਜੰਮੂ ਸਥਿਤ ਰਿਹਾਇਸ਼ ’ਤੇ ਹੋਵੇਗੀ। ਤਰੀਗਾਮੀ, ਜੋ ਗੱਠਜੋੜ ਦੇ ਕਨਵੀਨਰ ਤੇ ਤਰਜਮਾਨ ਵੀ ਹਨ, ਨੇ ਕਿਹਾ ਕਿ ਸਰਬ ਪਾਰਟੀ ਮੀਟਿੰਗ ’ਚ ਵੋਟਰ ਸੂਚੀਆਂ ਵਿੱਚ ਬਾਹਰੀ ਲੋਕਾਂ ਨੂੰ ਸ਼ਾਮਲ ਕਰਨ ਤੋਂ ਰੋਕਣ ਲਈ ਭਵਿੱਖੀ ਰਣਨੀਤੀ ਘੜਨ ਬਾਰੇ ਸਲਾਹ-ਮਸ਼ਵਰਾ ਕੀਤਾ ਜਾਵੇਗਾ। -ਪੀਟੀਆਈ