* ਗ੍ਰਹਿ ਮੰਤਰੀ ਵੱਲੋਂ ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ
* ਰਾਖਵੇਂਕਰਨ ਦੇ ਮੁੱਦੇ ’ਤੇ ਉਮਰ ਅਬਦੁੱਲਾ ਨੂੰ ਘੇਰਿਆ
ਜੰਮੂ, 6 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਕਿਹਾ ਕਿ ਧਾਰਾ 370 ਹੁਣ ਇਤਿਹਾਸ ਬਣ ਗਈ ਹੈ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਇਸ ਦੀ ਕਦੇ ਵੀ ਵਾਪਸੀ ਨਹੀਂ ਹੋਵੇਗੀ। ਭਾਜਪਾ ਦੇ ਸੀਨੀਅਰ ਆਗੂ ਸ਼ਾਹ ਨੇ ਇਥੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਪਿਛਲੇ 10 ਸਾਲਾਂ ਦਾ ਸਮਾਂ ਦੇਸ਼ ਅਤੇ ਜੰਮੂ ਕਸ਼ਮੀਰ ਦੇ ਇਤਿਹਾਸ ’ਚ ਸੁਨਹਿਰੇ ਅੱਖਰਾਂ ’ਚ ਲਿਖਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੰਗਾ ਸ਼ਾਸਨ ਜਾਰੀ ਰੱਖਣ ਲਈ ਭਾਜਪਾ ਨੂੰ ਵੋਟ ਦੇਣ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ’ਚੋਂ ਅਤਿਵਾਦ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦਿੱਤਾ ਜਾਵੇਗਾ ਅਤੇ ਅਤਿਵਾਦ ਫੈਲਣ ’ਚ ਸ਼ਾਮਲ ਲੋਕਾਂ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇਗਾ। ਜੰਮੂ ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਲਈ ਤਿੰਨ ਗੇੜਾਂ 18 ਤੇ 26 ਸਤੰਬਰ ਅਤੇ ਪਹਿਲੀ ਅਕਤੂਬਰ ਨੂੰ ਵੋਟਾਂ ਪੈਣਗੀਆਂ। ਇਸ ਤੋਂ ਪਹਿਲਾਂ ਸ਼ਾਹ ਭਾਜਪਾ ਦੀ ਪ੍ਰਚਾਰ ਮੁਹਿੰਮ ਦਾ ਆਗ਼ਾਜ਼ ਕਰਨ ਲਈ ਦੋ ਰੋਜ਼ਾ ਦੌਰੇ ’ਤੇ ਇਥੇ ਪੁੱਜੇ ਸਨ। ਕੇਂਦਰੀ ਗ੍ਰਹਿ ਮੰਤਰੀ ਨੇ ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ ਕਰਨ ਤੋਂ ਪਹਿਲਾਂ ਆਪਣੇ ਸੰਬੋਧਨ ’ਚ ਕਿਹਾ, ‘ਮੈਂ ਨੈਸ਼ਨਲ ਕਾਨਫਰੰਸ ਦੇ ਏਜੰਡੇ ਨੂੰ ਜਾਣਦਾ ਹਾਂ। ਮੈਂ ਪੂਰੇ ਦੇਸ਼ ਨੂੰ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਧਾਰਾ 370 ਹੁਣ ਇਤਿਹਾਸ ਬਣ ਚੁੱਕੀ ਹੈ ਅਤੇ ਇਸ ਦੀ ਕਦੇ ਵੀ ਵਾਪਸੀ ਨਹੀਂ ਹੋਵੇਗੀ।’ ਉਨ੍ਹਾਂ ਕਿਹਾ,‘ਧਾਰਾ 370 ਹੁਣ ਸੰਵਿਧਾਨ ਦਾ ਹਿੱਸਾ ਨਹੀਂ ਹੈ। ਇਸ ਧਾਰਾ ਨੇ ਨੌਜਵਾਨਾਂ ਦੇ ਹੱਥਾਂ ’ਚ ਸਿਰਫ਼ ਹਥਿਆਰ ਅਤੇ ਪੱਥਰ ਹੀ ਦਿੱਤੇ ਹਨ ਅਤੇ ਉਨ੍ਹਾਂ ਨੂੰ ਅਤਿਵਾਦ ਦੇ ਰਾਹ ’ਤੇ ਪਾਇਆ ਹੈ। ਮੈਂ ਉਮਰ ਅਬਦੁੱਲਾ (ਨੈਸ਼ਨਲ ਕਾਨਫਰੰਸ ਆਗੂ) ਨੂੰ ਕਹਿਣਾ ਚਾਹੁੰਦਾ ਹਾਂ ਕਿ ਨਤੀਜੇ ਜੋ ਮਰਜ਼ੀ ਹੋਣ, ਅਸੀਂ ਤੁਹਾਨੂੰ ਗੁੱਜਰਾਂ, ਬੱਕਰਵਾਲਾਂ ਅਤੇ ਪਹਾੜੀ ਲੋਕਾਂ ਨੂੰ ਦਿੱਤੇ ਗਏ ਰਾਖਵੇਂਕਰਨ ਨੂੰ ਛੂਹਣ ਨਹੀਂ ਦੇਵਾਂਗੇ।’ ਸ਼ਾਹ ਨੇ ਕਿਹਾ ਕਿ ਖ਼ਿੱਤੇ ਦਾ ਵਿਕਾਸ ਯਕੀਨੀ ਬਣਾਉਣ ਲਈ ਪਾਰਟੀ ਨੂੰ ਪੰਜ ਸਾਲ ਦਾ ਮੌਕਾ ਦਿੱਤਾ ਜਾਵੇ। -ਪੀਟੀਆਈ
ਭਾਜਪਾ ਮੈਨੂੰ ਚੁੱਪ ਕਰਾਉਣ ਦੀ ਕਰ ਰਹੀ ਹੈ ਕੋਸ਼ਿਸ਼: ਉਮਰ
ਸ੍ਰੀਨਗਰ:
ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਉਨ੍ਹਾਂ ਨੂੰ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਤਹਿਤ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਖ਼ਿਲਾਫ਼ ਆਜ਼ਾਦ ਉਮੀਦਵਾਰ ਮੈਦਾਨ ’ਚ ਉਤਾਰ ਰਹੀ ਹੈ। ਉਮਰ ਨੇ ਕਿਹਾ ਕਿ ਜੇਲ੍ਹ ’ਚ ਬੰਦ ਵਿਅਕਤੀ (ਸ਼ੇਖ਼ ਅਬਦੁੱਲ ਰਸ਼ੀਦ) ਨੇ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਹਰਾ ਦਿੱਤਾ ਸੀ ਪਰ ਹੁਣ ਗੰਦਰਬਲ ਤੋਂ ਇਕ ਵਿਅਕਤੀ (ਸਰਜਨ ਅਹਿਮਦ ਵਾਗੇਯ ਉਰਫ਼ ਬਰਕਤੀ) ਜੋ ਜੇਲ੍ਹ ’ਚ ਹੈ, ਉਨ੍ਹਾਂ ਖ਼ਿਲਾਫ਼ ਚੋਣ ਲੜਨ ਜਾ ਰਿਹਾ ਹੈ, ਜਿਸ ਤੋਂ ਜਾਪਦਾ ਹੈ ਕਿ ਕੋਈ ਸਾਜ਼ਿਸ਼ ਘੜੀ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨਹੀਂ ਚਾਹੁੰਦੀ ਕਿ ਉਹ ਲੋਕਾਂ ਦੇ ਨੁਮਾਇੰਦੇ ਬਣ ਕੇ ਵਾਦੀ ਦੇ ਮੁੱਦੇ ਚੁੱਕਣ। -ਪੀਟੀਆਈ
ਭਾਜਪਾ ਨੇ ਕਸ਼ਮੀਰ ਮੁੱਦੇ ਨੂੰ ਸਿਰਫ਼ ਸੂਬੇ ਦਾ ਦਰਜਾ ਬਹਾਲ ਕਰਨ ਤੱਕ ਸੀਮਤ ਰੱਖਿਆ: ਮਹਿਬੂਬਾ
ਸ੍ਰੀਨਗਰ:
ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਹੈ ਕਿ ਭਾਜਪਾ ਕਸ਼ਮੀਰ ਮੁੱਦੇ ਦਾ ਹੱਲ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਕਰਾਉਣ ਤੱਕ ਸੀਮਤ ਕਰਨ ’ਚ ਸਫ਼ਲ ਰਹੀ ਹੈ ਜੋ ਇਥੋਂ ਦੇ ਲੋਕਾਂ ਨਾਲ ਬੇਇਨਸਾਫ਼ੀ ਹੈ। ਮੁਫ਼ਤੀ ਨੇ ਕਿਹਾ ਕਿ ਕੁਝ ਪਾਰਟੀਆਂ ਚੋਣਾਂ ਹੋਣ ’ਤੇ ਖੁਸ਼ ਹਨ ਅਤੇ ਸੂਬੇ ਦਾ ਦਰਜਾ ਬਹਾਲ ਕਰਨ ਦੀ ਗੱਲ ਕਰ ਰਹੀਆਂ ਹਨ ਪਰ ਇਹ ਪੈਰ ਕੱਟਣ ਮਗਰੋਂ ਜੁੱਤੀ ਲੱਭਣ ਵਾਂਗ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਪੀਡੀਪੀ ਦਾ ਮੁੱਖ ਮੁੱਦਾ ਹੈ, ਜਿਸ ਲਈ ਉਹ ਪਹਿਲਾਂ ਤੋਂ ਹੀ ਕੰਮ ਕਰ ਰਹੀ ਹੈ। ਉਨ੍ਹਾਂ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਵਿਚਕਾਰ ਗੱਠਜੋੜ ਬਾਰੇ ਕਿਹਾ ਕਿ ਇਹ ਸੱਤਾ ਹਾਸਲ ਕਰਨ ਲਈ ਸੀਟਾਂ ਦੀ ਵੰਡ ਦਾ ਪ੍ਰਬੰਧ ਹੈ। -ਪੀਟੀਆਈ
‘ਅਤਿਵਾਦ ਦੇ ਖ਼ਾਤਮੇ ਤੱਕ ਪਾਕਿ ਨਾਲ ਗੱਲਬਾਤ ਨਹੀਂ’
ਜੰਮੂ:
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਰਤ ਅਤਿਵਾਦ ਦੇ ਖ਼ਾਤਮੇ ਤੱਕ ਪਾਕਿਸਤਾਨ ਨਾਲ ਗੱਲਬਾਤ ਦੇ ਪੱਖ ’ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਵਾਰਤਾ ਅਤੇ ਬੰਬ ਇਕੱਠਿਆਂ ਨਹੀਂ ਚੱਲ ਸਕਦੇ ਹਨ। ਇਥੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਕਸ਼ਮੀਰ ਦੇ ਨੌਜਵਾਨਾਂ ਨਾਲ ਗੱਲਬਾਤ ਜ਼ਰੂਰ ਕਰੇਗੀ। ਸਿਆਸੀ ਪਾਰਟੀਆਂ ਵੱਲੋਂ ਪਾਕਿਸਤਾਨ ਨਾਲ ਵਾਰਤਾ ਅਤੇ ਕੰਟਰੋਲ ਰੇਖਾ ਤੋਂ ਵਪਾਰ ਮੁੜ ਸ਼ੁਰੂ ਕਰਨ ਦੀ ਕੀਤੀ ਜਾ ਰਹੀ ਮੰਗ ਬਾਰੇ ਸ਼ਾਹ ਨੇ ਕਿਹਾ ਕਿ ਅਤਿਵਾਦ ਦੇ ਖ਼ਾਤਮੇ ਤੱਕ ਅਜਿਹਾ ਸੰਭਵ ਨਹੀਂ ਹੈ। ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਵੱਲੋਂ ਜੰਮੂ ਕਸ਼ਮੀਰ ਦੇ ਸੂਬੇ ਦਾ ਦਰਜਾ ਬਹਾਲ ਕਰਨ ਦੀ ਕੀਤੀ ਜਾ ਰਹੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਮੰਗ ਹੈ ਕਿਉਂਕਿ ਸੂਬੇ ਦਾ ਦਰਜਾ ਢੁੱਕਵੇਂ ਸਮੇਂ ’ਤੇ ਬਹਾਲ ਕਰ ਦਿੱਤਾ ਜਾਵੇਗਾ। ਸ਼ਾਹ ਨੇ ਵਾਦੀ ’ਚ ਮੁਸਲਮਾਨਾਂ ਦੇ ਦਮਨ ਦੀਆਂ ਰਿਪੋਰਟਾਂ ਨੂੰ ਨਕਾਰਦਿਆਂ ਕਿਹਾ ਕਿ ਕਸ਼ਮੀਰ ’ਚ ਇਸ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ ਹੈ। -ਪੀਟੀਆਈ