ਨਵੀਂ ਦਿੱਲੀ, 15 ਸਤੰਬਰ
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਖੀ ਜਸਟਿਸ (ਸੇਵਾਮੁਕਤ) ਅਰੁਣ ਕੁਮਾਰ ਮਿਸ਼ਰਾ ਨੂੰ ਏਸ਼ੀਆ ਪੈਸੇਫਿਕ ਫੋਰਮ (ਏਪੀਐਫ) ਦੀ ਗਵਰਨੈਂਸ ਕਮੇਟੀ ਦਾ ਮੈਂਬਰ ਚੁਣਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਸ੍ਰੀ ਮਿਸ਼ਰਾ ਗਲੋਬਲ ਅਲਾਇੰਸ ਆਫ ਨੈਸ਼ਨਲ ਹਿਊਮਨ ਰਾਈਟਸ ਇੰਸਟੀਚਿਊਸ਼ਨਜ਼ ਬਿਊਰੋ ਦੇ ਮੈਂਬਰ ਵਜੋਂ ਵੀ ਚੁਣੇ ਗਏ ਹਨ। ਉਨ੍ਹਾਂ ਦੀ ਇਹ ਚੋਣ ਆਨਲਾਈਨ ਹੋਏ ਫੋਰਮ ਦੇ 27ਵੇਂ ਸਾਲਾਨਾ ਇਜਲਾਸ ਵਿੱਚ ਕੀਤੀ ਗਈ। ਕਮਿਸ਼ਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅੱਜ ਵੋਟਿੰਗ ਤੋਂ ਪਹਿਲਾਂ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਜਸਟਿਸ ਮਿਸ਼ਰਾ ਨੇ ਕਿਹਾ ਸੀ ਕਿ ਉਹ ਸਾਂਝੇ ਯਤਨਾਂ ਵਿੱਚ ਯਕੀਨ ਰੱਖਦੇ ਹਨ ਅਤੇ ਵਿਸ਼ਵ ਪੱਧਰ ’ਤੇ ਵਸੂਧੈਵ ਕੁਟੁੰਬਕਮ ਦੀ ਭਾਵਨਾ ਨਾਲ ਕਿ ਪੂਰਾ ਵਿਸ਼ਵ ਸਾਡਾ ਪਰਿਵਾਰ ਹੈ ਅਨੁਸਾਰ ਬੋਰਡ ਵਿੱਚ ਸ਼ਾਮਲ ਸਭਨਾਂ ਨੂੰ ਸੰਵਿਧਾਨਕ, ਮਨੁੱਖੀ ਅਧਿਕਾਰ ਤੇ ਰਣਨੀਤਕ ਯੋਜਨਾਵਾਂ ਨੂੰ ਲਾਗੂ ਕਰਨ ਲਈ ਨਾਲ ਲੈ ਕੇ ਚੱਲਣਗੇ। ਏਸ਼ੀਆ ਪੈਸੇਫਿਕ ਫੋਰਮ ਦੀ ਗਵਰਨੈਂਸ ਕਮੇਟੀ ਫੋਰਮ ਦੇ ਕੌਂਸਲਰਾਂ ਵੱਲੋਂ ਚੁਣੀ ਜਾਂਦੀ ਹੈ, ਜੋ ਏਸ਼ੀਆ ਪੈਸੇਫਿਕ ਖੇਤਰ ਵਿੱਚ ‘ਏ ਸਟੇਟਸ’ ਕੌਮੀ ਮਨੁੱਖੀ ਅਧਿਕਾਰ ਸੰਸਥਾਵਾਂ ਦੀ ਨੁਮਾਇੰਦਗੀ ਕਰਦੀ ਹੈ।-ਏਜੰਸੀ