ਈਟਾਨਗਰ, 23 ਅਕਤੂਬਰ
ਫ਼ੌਜ ਨੇ ਅਰੁਣਾਚਲ ਪ੍ਰਦੇਸ਼ ਵਿੱਚ ਸ਼ੁੱਕਰਵਾਰ ਨੂੰ ਹਾਦਸਾਗ੍ਰਸਤ ਹੋਏ ਐਡਵਾਂਸਡ ਲਾਈਟ ਹੈਲੀਕਾਪਟਰ (ਏਐੱਲਐੱਚ) ਦੇ ਬਲੈਕ ਬਾਕਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਲੈਕ ਬਾਕਸ ਇੱਕ ਅਜਿਹਾ ਯੰਤਰ ਹੈ ਜੋ ਉਡਾਣ ਦੀ ਸਾਰੀ ਜਾਣਕਾਰੀ ਰਿਕਾਰਡ ਕਰਦਾ ਹੈ ਅਤੇ ਇਹ ਹਾਦਸੇ ਦਾ ਕਾਰਨ ਪਤਾ ਲਗਾਉਣ ਵਿੱਚ ਮਦਦ ਕਰ ਸਕਦਾ ਹੈ। ਬਲੈਕ ਬਾਕਸ ਲੱਭਣ ਲਈ ਅਸਾਮ ਦੇ ਜੋਰਹਾਟ ਤੋਂ 21 ਪੈਰਾ (ਸਪੈਸ਼ਲ ਫੋਰਸ) ਦੇ ਜਵਾਨ ਸ਼ਨਿਚਰਵਾਰ ਨੂੰ ਮਿਗਿੰਗ ਨੇੜੇ ਹਾਦਸੇ ਵਾਲੀ ਥਾਂ ’ਤੇ ਉਤਰੇ। ਅੱਜ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਕਾਫੀ ਸੰਘਣਾ ਜੰਗਲੀ ਇਲਾਕਾ ਹੈ, ਜੋ ਬਲੈਕ ਬਾਕਸ ਲੱਭਣ ਦੇ ਕੰਮ ਵਿੱਚ ਅੜਿੱਕਾ ਬਣ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸਵੇਰੇ 10:43 ਵਜੇ ਵਾਪਰੇ ਹਾਦਸੇ ’ਚ ਪੰਜ ਜਵਾਨਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ’ਚੋਂ ਚਾਰ ਦੀਆਂ ਲਾਸ਼ਾਂ ਸ਼ੁੱਕਰਵਾਰ ਸ਼ਾਮ ਨੂੰ ਜਦਕਿ ਇੱਕ ਦੀ ਲਾਸ਼ ਸ਼ਨਿਚਰਵਾਰ ਨੂੰ ਮਿਲੀ ਸੀ। -ਪੀਟੀਆਈ