ਈਟਾਨਗਰ, 13 ਜੂਨ
ਭਾਜਪਾ ਆਗੂ ਪੇਮਾ ਖਾਂਡੂ ਨੇ ਵੀਰਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਲਗਾਤਾਰ ਤੀਜੀ ਵਾਰ ਹਲਫ਼ ਲਿਆ। ਸਰਹੱਦੀ ਜ਼ਿਲ੍ਹੇ ਤਵਾਂਗ ਦੇ ਮੁਕਤੋ ਹਲਕੇ ਤੋਂ ਬਿਨਾਂ ਕਿਸੇ ਵਿਰੋਧ ਦੇ ਮੁੜ ਤੋਂ ਚੁਣੇ ਗਏ ਖਾਂਡੂ ਨੂੰ ਰਾਜਪਾਲ ਕੇਟੀ ਪਰਨਾਇਕ ਨੇ ਹਲਫ਼ ਦਿਵਾਇਆ। ਹਲਫ਼ਦਾਰੀ ਸਮਾਗਮ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਢਾ, ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਅਤੇ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਵੀ ਹਾਜ਼ਰ ਸਨ। ਦੋਰਜੀ ਖਾਂਡੂ ਸਟੇਟ ਕਨਵੈਨਸ਼ਨ ਸੈਂਟਰ ’ਚ ਹੋਏ ਸਮਾਗਮ ਦੌਰਾਨ 11 ਹੋਰ ਵਿਧਾਇਕਾਂ ਨੇ ਵੀ ਮੰਤਰੀ ਵਜੋਂ ਹਲਫ਼ ਲਿਆ। ਮੰਤਰੀ ਮੰਡਲ ’ਚ ਦਸਾਂਗਲੂ ਪੁਲ ਇਕੱਲੀ ਮਹਿਲਾ ਮੰਤਰੀ ਹੈ ਜਦਕਿ ਕੈਬਨਿਟ ’ਚ ਅੱਠ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। -ਪੀਟੀਆਈ
ਸੌ ਕਰੋੜ ਰੁਪਏ ਦੀ ਸਮਾਜਿਕ ਸੁਰੱਖਿਆ ਯੋਜਨਾ ਨੂੰ ਦਿੱਤੀ ਪ੍ਰਵਾਨਗੀ
ਈਟਾਨਗਰ: ਹਲਫ਼ ਲੈਣ ਦੇ ਕੁਝ ਘੰਟਿਆਂ ਮਗਰੋਂ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਸਮਾਜਿਕ ਸੁਰੱਖਿਆ ਯੋਜਨਾ ਤਹਿਤ 100 ਕਰੋੜ ਰੁਪਏ ਜਾਰੀ ਕਰਨ ਲਈ ਫਾਈਲ ’ਤੇ ਸਭ ਤੋਂ ਪਹਿਲਾਂ ਦਸਤਖ਼ਤ ਕੀਤੇ। ਇਸ ਯੋਜਨਾ ਨਾਲ ਸੂਬੇ ਦੇ ਕਰੀਬ 80 ਹਜ਼ਾਰ ਵਿਅਕਤੀਆਂ ਨੂੰ ਲਾਭ ਪਹੁੰਚੇਗਾ। ਯੋਜਨਾ ਤਹਿਤ 60 ਸਾਲ ਤੋਂ ਉਪਰ ਦੇ ਵਿਅਕਤੀਆਂ, ਵਿਧਵਾਵਾਂ ਅਤੇ ਦਿਵਿਆਂਗਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਖਾਂਡੂ ਸਰਕਾਰ ਨੇ ਇਹ ਯੋਜਨਾ 2019 ’ਚ ਲਾਗੂ ਕੀਤੀ ਸੀ ਅਤੇ ਪੈਸਾ ਸਿੱਧੇ ਲਾਭਪਾਤਰੀਆਂ ਦੇ ਖ਼ਾਤੇ ’ਚ ਜਾਂਦਾ ਹੈ। -ਪੀਟੀਆਈ