* ਮੁੱਖ ਮੰਤਰੀ ਨੇ ਪਰਿਵਾਰ ਸਮੇਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਮੱਥਾ ਟੇਕਿਆ
* ਪੰਜਾਬ ਤੇ ਪੰਜਾਬੀਆਂ ਦੇ ਭਲੇ ਲਈ ਕੀਤੀ ਅਰਦਾਸ
ਪੀਟੀਆਈ/ਟਨਸ
ਸੰਭਾਜੀਨਗਰ/ਚੰਡੀਗੜ੍ਹ, 20 ਅਗਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਾਅਵਾ ਕੀਤਾ ਕਿ ਕੇਂਦਰੀ ਜਾਂਚ ਏਜੰਸੀਆਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਖ਼ਿਲਾਫ਼ ਕੁਝ ਨਹੀਂ ਮਿਲਿਆ ਹੈ। ਕੇਜਰੀਵਾਲ ਤੇ ‘ਆਪ’ ਆਗੂ ਕਥਿਤ ਆਬਕਾਰੀ ਨੀਤੀ ਘੁਟਾਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਨਾਂਦੇੜ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਆਗੂ ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਜੇਲ੍ਹ ’ਚੋਂ ਰਿਹਾਅ ਹੋ ਚੁੱਕੇ ਹਨ ਅਤੇ ਕੇਜਰੀਵਾਲ ਵੀ ਜਲਦੀ ਹੀ ਜੇਲ੍ਹ ’ਚੋਂ ਬਾਹਰ ਆ ਜਾਣਗੇ। ਉਹ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਇੱਕ ਸਮਾਗਮ ’ਚ ਹਿੱਸਾ ਲੈਣ ਲਈ ਨਾਂਦੇੜ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਨੂੰ ਕੇਜਰੀਵਾਲ ਖ਼ਿਲਾਫ਼ ਕੁਝ ਨਹੀਂ ਮਿਲਿਆ ਹੈ ਜੋ ਕਥਿਤ ਆਬਕਾਰੀ ਘੁਟਾਲਾ ਮਾਮਲੇ ’ਚ ਸੀਬੀਆਈ ਵੱਲੋਂ ਦਰਜ ਭ੍ਰਿਸ਼ਟਾਚਾਰ ਦੇ ਕੇਸ ’ਚ ਜੇਲ੍ਹ ਵਿੱਚ ਬੰਦ ਹਨ। ਭਗਵੰਤ ਮਾਨ ਨੇ ਕਿਹਾ, ‘ਮੈਂ ਉਨ੍ਹਾਂ (ਕੇਜਰੀਵਾਲ) ਲਈ ਅਰਦਾਸ ਕਰਾਂਗਾ। ‘ਆਪ’ ਨੇਤਾ ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਬਾਹਰ ਆ ਗਏ ਹਨ। ਉਨ੍ਹਾਂ (ਜਾਂਚ ਏਜੰਸੀਆਂ) ਨੂੰ ਕੁਝ ਨਹੀਂ ਮਿਲਿਆ ਹੈ ਅਤੇ ਉਹ ਸਾਡੇ ਆਗੂਆਂ ਨੂੰ ਜੇਲ੍ਹ ’ਚ ਰੱਖਣ ਲਈ ਵਾਰ-ਵਾਰ ਸਮਾਂ ਲੈ ਰਹੇ ਹਨ।’ ਮਾਨ ਨੇ ਦਾਅਵਾ ਕੀਤਾ ਕਿ ਇਹ ‘ਆਪ’ ਨੂੰ ਤੋੜਨ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ, ‘ਅਰਵਿੰਦ ਕੇਜਰੀਵਾਲ ਇੱਕ ਵਿਚਾਰਧਾਰਾ ਹਨ। ਤੁਸੀਂ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਸਕਦੇ ਹੋ ਪਰ ਕਿਸੇ ਦੇ ਵਿਚਾਰਾਂ ਨੂੰ ਨਹੀਂ। ਕੇਜਰੀਵਾਲ ਜਲਦੀ ਹੀ ਬਾਹਰ ਆਉਣਗੇ ਅਤੇ ਮੈਂ ਉਨ੍ਹਾਂ ਲਈ ਅਰਦਾਸ ਕਰਾਂਗਾ।’ ਇਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਸਮੇਤ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਮੱਥਾ ਟੇਕਿਆ ਤੇ ਸੂਬੇ ਦੀ ਤਰੱਕੀ, ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਇਸ ਪਵਿੱਤਰ ਸਥਾਨ ’ਤੇ ਹੀ ਗੁਜ਼ਾਰਿਆ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ’ਤੇ ਨਤਮਸਤਕ ਹੋਣ ਦਾ ਮੌਕਾ ਪਾ ਕੇ ਉਹ ਖੁਦ ਨੂੰ ਵਡਭਾਗਾ ਸਮਝਦੇ ਹਨ।
ਉਦਯੋਗਪਤੀਆਂ ਤੇ ਬੌਲੀਵੁੱਡ ਦੀਆਂ ਹਸਤੀਆਂ ਨਾਲ ਮੁਲਾਕਾਤ ਅੱਜ
ਚੰਡੀਗੜ੍ਹ (ਟਨਸ):
ਮੁੱਖ ਮੰਤਰੀ ਭਗਵੰਤ ਸਿੰਘ ਮਾਨ 21 ਅਗਸਤ ਨੂੰ ਮੁੰਬਈ ਵਿੱਚ ਉੱਘੇ ਉਦਯੋਗਪਤੀਆਂ ਤੇ ਬੌਲੀਵੁੱਡ ਸਿਤਾਰਿਆਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਉਦਯੋਗ ਅਤੇ ਫਿਲਮ ਜਗਤ ਦੀਆਂ ਵੱਡੀਆਂ ਹਸਤੀਆਂ ਨੂੰ ਪੰਜਾਬ ’ਚ ਨਿਵੇਸ਼ ਕਰਨ ਲਈ ਸੱਦਾ ਦੇਣਗੇ। ਸ੍ਰੀ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਫਿਲਮ ਸਿਟੀ ਸਥਾਪਤ ਕਰਨ ਲਈ ਇੱਕ ਪ੍ਰਾਜੈਕਟ ਲਿਆ ਰਹੀ ਹੈ, ਜਿਸ ਲਈ ਇਹ ਵਿਚਾਰ-ਵਟਾਂਦਰਾ ਅਹਿਮ ਹੋਵੇਗਾ।