ਜੈਪੁਰ: ਬੱਚੀ ਨਾਲ ਸ਼ਰੀਰਕ ਛੇੜਖਾਨੀ ਦੇ ਦੋਸ਼ਾਂ ਤਹਿਤ ਜੋਧਪੁਰ ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਆਸਾਰਾਮ ਬਾਪੂ ਨੂੰ ਛਾਤੀ ’ਚ ਦਰਦ ਦੀ ਸ਼ਿਕਾਇਤ ਅਤੇ ਸਾਹ ਲੈਣ ’ਚ ਤਕਲੀਫ਼ ਮਗਰੋਂ ਮੰਗਲਵਾਰ ਰਾਤ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਅਖੌਤੀ ਸਾਧ ਦਾ ਅੱਜ ਸਵੇਰੇ ਜੋਧਪੁਰ ਦੇ ਮਥੁਰਾਦਾਸ ਮਾਥੁਰ ਹਸਪਤਾਲ ਦੇ ਡਾਕਟਰਾਂ ਨੇ ਚੈਕਅੱਪ ਕੀਤਾ ਅਤੇ ਦੱਸਿਆ ਕਿ ਉਸ ਦੀ ਹਾਲਤ ਹੁਣ ਸਥਿਰ ਹੈ। ਇਕ ਅਧਿਕਾਰੀ ਨੇ ਕਿਹਾ ਕਿ ਆਸਾਰਾਮ ਦੇ ਵੱਖ ਵੱਖ ਟੈਸਟ ਕੀਤੇ ਜਾ ਰਹੇ ਹਨ ਅਤੇ ਰਿਪੋਰਟਾਂ ਆਉਣ ਮਗਰੋਂ ਹੀ ਉਸ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਆਸਾਰਾਮ ਦੇ ਸ਼ਰਧਾਲੂਆਂ ਨੂੰ ਜਿਵੇਂ ਹੀ ਉਸ ਦੇ ਹਸਪਤਾਲ ’ਚ ਦਾਖ਼ਲ ਹੋਣ ਦੀ ਜਾਣਕਾਰੀ ਮਿਲੀ ਤਾਂ ਉਹ ਹਸਪਤਾਲ ਪਹੁੰਚਣਾ ਸ਼ੁਰੂ ਹੋ ਗਏ। -ਆਈਏਐਨਐਸ